ਫਾਜ਼ਿਲਕਾ 1 ਅਕਤੂਬਰ (ਹਿੰ. ਸ.)। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਫਾਜ਼ਿਲਕਾ ਵੱਲੋਂ ਬਲਾਕ ਅਬੋਹਰ ਦੇ ਪਿੰਡ ਰਾਏਪੁਰਾ ਸਰਕਲ ਵਹਾਬਵਾਲਾ ਵਿਖੇ ਆਈ ਈ ਸੀ ਐਕਟੀਵਿਟੀ ਤਹਿਤ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਜਿਸ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਪ੍ਰੇਰਿਤ ਕੀਤਾ ਗਿਆ।
ਖੇਤੀਬਾੜੀ ਵਿਭਾਗ ਤੋਂ ਏ ਡੀ ਓ ਪ੍ਰਵੀਨ ਕੁਮਾਰ ਅਤੇ ਏ ਐਸ ਆਈ ਪ੍ਰਵੀਨ ਕੁਮਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਵਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਆਧੁਨਿਕ ਖੇਤੀ ਸੰਦਾਂ ਦੀ ਵਰਤੋਂ ਨਾਲ ਜਮੀਨ ਵਿੱਚ ਵਹਾਉਣ ਬਾਰੇ ਦੱਸਿਆ ਗਿਆ ਕਿਉਂਕਿ ਅਜਿਹਾ ਕਰਨ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ ਤੇ ਮਿੱਤਰ ਕੀੜੇ ਵੀ ਨਸ਼ਟ ਨਹੀਂ ਹੁੰਦੇ। ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਇਕੱਠਾ ਹੋਇਆ ਧੂੰਆ ਸੜਕੀ ਦੁਰਘਟਨਾਵਾਂ ਦਾ ਕਾਰਨ ਵੀ ਬਣਦਾ ਹੈ ਤੇ ਅਨੇਕਾਂ ਭਿਆਨਕ ਬਿਮਾਰੀਆਂ ਨੁੰ ਵੀ ਜਨਮ ਦਿੰਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ