ਡਰੋਨ ਦੀਦੀ ਯੋਜਨਾ ਨੇ ਸੰਗਰੂਰ ’ਚ ਬਦਲੀ ਔਰਤਾਂ ਦੀ ਕਿਸਮਤ
ਔਰਤਾਂ ਲਈ ਪ੍ਰੇਰਨਾ ਸਰੋਤ ਬਣੀ ਪੰਨਵਾਂ ਦੀ ਪ੍ਰਭਜੋਤ ਕੌਰ
.


ਚੰਡੀਗੜ੍ਹ, 3 ਅਕਤੂਬਰ (ਹਿੰ. ਸ.)। ਸੰਗਰੂਰ ਦੇ ਪਿੰਡ ਪੰਨਵਾਂ ਦੀ ਪ੍ਰਭਜੋਤ ਕੌਰ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਡਰੋਨ ਦੀਦੀ ਯੋਜਨਾ ਰਾਹੀਂ ਡਰੋਨ ਪਾਇਲਟ ਬਣ ਕੇ ਨਾ ਸਿਰਫ਼ ਆਪਣੇ ਪਰਿਵਾਰ ਪਾਲ ਰਹੀ ਹੈ, ਸਗੋਂ ਇਲਾਕੇ ਦੀਆਂ ਸੈਂਕੜੇ ਔਰਤਾਂ ਲਈ ਪ੍ਰੇਰਨਾ ਵੀ ਬਣ ਰਹੀ ਹਨ। ਪ੍ਰਭਜੋਤ ਕੌਰ ਅੱਜ ਕੱਲ੍ਹ ਨੇੜਲੇ ਪਿੰਡਾਂ ਦਾ ਦੌਰਾ ਕਰਕੇ ਡਰੋਨ ਦੀ ਮਦਦ ਨਾਲ ਖੇਤੀਬਾੜੀ ਦੇ ਕੰਮ ਵਿੱਚ ਕਿਸਾਨਾਂ ਦੀ ਮਦਦ ਕਰ ਰਹੀ ਹਨ। ਇਹ ਸੰਭਵ ਹੋਇਆ ਹੈ ਉਮੀਦ ਫਾਊਂਡੇਸ਼ਨ ਦੀ ਮਦਦ ਨਾਲ। ਉਮੀਦ ਫਾਊਂਡੇਸ਼ਨ ਦੇ ਪ੍ਰੋਜੈਕਟ ਭੈਣਾ ਦੀ ਉਮੀਦ ’ਚ ਸ਼ਾਮਲ ਹੋਣ ਨਾਲ ਪ੍ਰਭਜੋਤ ਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਆਇਆ ਹੈ।ਪ੍ਰਭਜੋਤ ਕੌਰ ਦੇ ਅਨੁਸਾਰ, ਉਨ੍ਹਾਂ ਨੇ ਸਭ ਤੋਂ ਪਹਿਲਾਂ ਗੁਰੂਗ੍ਰਾਮ ਵਿੱਚ ਉਮੀਦ ਫਾਊਂਡੇਸ਼ਨ ਰਾਹੀਂ ਟ੍ਰੇਨਿੰਗ ਪ੍ਰਾਪਤ ਕੀਤੀ। ਟ੍ਰੇਨਿੰਗ ਤੋਂ ਬਾਅਦ ਉਨ੍ਹਾਂ ਨੂੰ ਡਰੋਨ ਪਾਇਲਟ ਲਾਇਸੈਂਸ ਮਿਲਿਆ। ਇਸ ਤੋਂ ਬਾਅਦ, ਉਮੀਦ ਫਾਊਂਡੇਸ਼ਨ ਦੀ ਮਦਦ ਨਾਲ ਉਨ੍ਹਾਂ ਨੂੰ ਡਰੋਨ ਅਤੇ ਕਿੱਟ ਮਿਲੀ। ਇਸ ਤੋਂ ਬਾਅਦ ਪ੍ਰਭਜੋਤ ਨੇ ਡਰੋਨ ਨੂੰ ਆਪਣੀ ਰੋਜ਼ੀ-ਰੋਟੀ ਦਾ ਸਾਧਨ ਬਣਾ ਲਿਆ ਹੈ। ਹੁਣ, ਉਹ ਨੇੜਲੇ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਦੀ ਉਨ੍ਹਾਂ ਦੇ ਖੇਤੀਬਾੜੀ ਦੇ ਕੰਮ ਵਿੱਚ ਮਦਦ ਕਰਦੀ ਹੈ, ਜਿਸਦੇ ਲਈ ਉਸਨੂੰ ਪ੍ਰਤੀ ਏਕੜ 300 ਰੁਪਏ ਮਿਲਦੇ ਹਨ। ਫਸਲ ਦੇ ਸੀਜ਼ਨ ਦੌਰਾਨ ਉਹ ਰੋਜ਼ਾਨਾ ਔਸਤਨ 10 ਤੋਂ 15 ਏਕੜ ਜ਼ਮੀਨ 'ਤੇ ਸਪਰੇਅ ਸਮੇਤ ਕਈ ਕੰਮ ਕਰਦੀ ਹੈ।ਉਮੀਦ ਫਾਊਂਡੇਸ਼ਨ ਦੇ ਸੰਸਥਾਪਕ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਦੱਸਦੇ ਹਨ ਕਿ ਸੰਸਥਾ ਦੇ ਮਾਧਿਅਮ ਰਾਹੀਂ ਇਸ ਖੇਤਰ ’ਚ ਪ੍ਰਭਜੋਤ ਸਮੇਤ ਤਿੰਨ ਕੁੜੀਆਂ ਨੂੰ ਡਰੋਨ ਪਾਇਲਟ ਵਜੋਂ ਸਿਖਲਾਈ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਰਾਹੀਂ ਇਹ ਔਰਤਾਂ ਪ੍ਰਤੀ ਮਹੀਨਾ ਇੱਕ ਲੱਖ ਰੁਪਏ ਤੱਕ ਕਮਾ ਕੇ ਆਪਣੇ ਬੱਚਿਆਂ ਅਤੇ ਪਰਿਵਾਰ ਦੇ ਸੁਪਨਿਆਂ ਨੂੰ ਪੂਰਾ ਕਰ ਰਹੀਆਂ ਹਨ। ਅਰਵਿੰਦ ਖੰਨਾ ਦੇ ਅਨੁਸਾਰ ਉਮੀਦ ਫਾਊਂਡੇਸ਼ਨ ਵੱਲੋਂ ਭੈਣਾਂ ਦੀ ਉਮੀਦ ਰਾਹੀਂ ਔਰਤਾਂ ਨੂੰ ਆਤਮ-ਨਿਰਭਰ ਬਣਾਇਆ ਜਾ ਰਿਹਾ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande