ਹੁਸ਼ਿਆਰਪੁਰ, 3 ਅਕਤੂਬਰ (ਹਿੰ. ਸ.)। ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਆਪਣੇ ਵਿਧਾਨ ਸਭਾ ਹਲਕੇ ਹਰਿਆਣਾ ਦੇ ਕਸਬੇ ਵਿਚ ਆਯੋਜਿਤ ਵਿਸ਼ਾਲ ਦੁਸਹਿਰਾ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਸਥਾਨਕ ਨਿਵਾਸੀਆਂ ਦੇ ਨਾਲ ਇਸ ਪਵਿੱਤਰ ਤਿਉਹਾਰ ਦਾ ਆਨੰਦ ਮਾਣਿਆ, ਜੋ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਡਾ. ਰਵਜੋਤ ਸਿੰਘ ਨੇ ਸਾਰੇ ਇਲਾਕਾ ਨਿਵਾਸੀਆਂ ਨੂੰ ਦੁਸਹਿਰੇ ਦੀਆਂ ਨਿੱਘੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਤਿਉਹਾਰ ਸਾਨੂੰ ਸੱਚ, ਨਿਆਂ ਅਤੇ ਧਰਮ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਦਾ ਜੀਵਨ ਸੱਚਾਈ, ਹਿੰਮਤ ਅਤੇ ਮਾਣ ਦੀ ਇਕ ਆਦਰਸ਼ ਉਦਾਹਰਨ ਹੈ, ਜਿਸ ਨੇ ਹਰ ਯੁੱਗ ਵਿਚ ਸਮਾਜ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਮਾਜ ਨੂੰ ਆਪਸੀ ਭਾਈਚਾਰੇ, ਸਦਭਾਵਨਾ ਅਤੇ ਏਕਤਾ ਦੀ ਸਭ ਤੋਂ ਵੱਧ ਲੋੜ ਹੈ। ਦੁਸਹਿਰੇ ਵਰਗਾ ਤਿਉਹਾਰ ਨਾ ਸਿਰਫ਼ ਧਾਰਮਿਕ ਜਸ਼ਨ ਹੀ ਨਹੀਂ ਹਨ, ਸਗੋਂ ਸਮਾਜਿਕ ਏਕਤਾ ਅਤੇ ਸੱਭਿਆਚਾਰਕ ਵਿਰਾਸਤ ਦੀ ਮਜ਼ਬੂਤੀ ਦਾ ਪ੍ਰਤੀਕ ਵੀ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਗਵਾਨ ਸ਼੍ਰੀ ਰਾਮ ਦੇ ਆਸ਼ੀਰਵਾਦ ਨਾਲ ਹਰ ਘਰ ਵਿਚ ਖੁਸ਼ੀ ਅਤੇ ਖੁਸ਼ਹਾਲੀ ਆਵੇਗੀ। ਡਾ. ਰਵਜੋਤ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਭਲਾਈ ਅਤੇ ਖੇਤਰ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਭਵਿੱਖ ਵਿਚ ਵੀ ਜਨਤਕ ਹਿੱਤਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾਂਦੀ ਰਹੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ