ਖੰਨਾ, 3 ਅਕਤੂਬਰ (ਹਿੰ. ਸ.)। ਖੰਨਾ ਪੁਲਿਸ ਨੇ ਸਾਧ ਬਣ ਕੇ ਚਿੱਟਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਸਭ ਤੋਂ ਹੈਰਾਨ ਕਰਨ ਵਾਲਾ ਖੁਲਾਸਾ ਇਹ ਹੈ ਕਿ ਇਹ ਪੂਰਾ ਨੈੱਟਵਰਕ ਜੇਲ੍ਹ ਤੋਂ ਕੰਮ ਕਰ ਰਿਹਾ ਸੀ। ਰੋਪੜ ਜੇਲ੍ਹ ਵਿੱਚ ਬੰਦ ਲਵਪ੍ਰੀਤ ਸਿੰਘ ਲਵ ਇਸ ਰੈਕੇਟ ਨੂੰ ਚਲਾ ਰਿਹਾ ਸੀ।ਪੁਲਿਸ ਨੇ ਖੁਲਾਸਾ ਕੀਤਾ ਕਿ ਜੇਲ੍ਹ ਵਿੱਚ ਲਵ ਤੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ ਅਤੇ ਇਸ ਸਬੰਧ ਵਿੱਚ ਇੱਕ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਹੁਣ ਤੱਕ ਇਸ ਮਾਮਲੇ ਵਿੱਚ ਨੌਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਅਤੇ 1 ਕਿਲੋ 155 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਐਸ. ਪੀ. ਪਵਨਜੀਤ ਨੇ ਦੱਸਿਆ ਕਿ ਲਵ ਨੇ ਜੇਲ੍ਹ ਤੋਂ ਫ਼ੋਨ ਰਾਹੀਂ ਖੰਨਾ ਦੇ ਮਹੰਤ ਕਸ਼ਮੀਰ ਗਿਰੀ ਨਾਲ ਗੱਲਬਾਤ ਕੀਤੀ। ਕਸ਼ਮੀਰ ਗਿਰੀ ਨੇ ਆਪਣੇ ਸਾਥੀਆਂ ਸ਼ਾਂਤੀ ਕਾਲੀਆ, ਗੁਲਸ਼ਨ ਕੁਮਾਰ ਅਤੇ ਵਿੱਕੀ ਨਾਲ ਮਿਲ ਕੇ ਹੈਰੋਇਨ ਸਪਲਾਈ ਕੀਤੀ। ਇਨ੍ਹਾਂ ਵਿਅਕਤੀਆਂ ਨੇ ਲੁਧਿਆਣਾ ਦੇ ਸ਼ੁਭਮ ਤੋਂ ਹੈਰੋਇਨ ਖਰੀਦੀ ਸੀ। ਹੈਰਾਨੀ ਦੀ ਗੱਲ ਹੈ ਕਿ ਸ਼ੁਭਮ ਤੋਂ ਮੋਬਾਈਲ ਫੋਨ ਵੀ ਜੇਲ੍ਹ ਤੋਂ ਦੋ ਵਾਰ ਬਰਾਮਦ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ