ਚੰਡੀਗੜ੍ਹ, 3 ਅਕਤੂਬਰ (ਹਿੰ. ਸ.)। ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ ) ਦੇ ਸੀਨੀਅਰ ਲੀਡਰ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਹੈ ਕਿ ਪੰਜਾਬ ਵਿੱਚ ਆਏ ਹੜ੍ਹ ਕਾਰਨ ਖੇਤਾਂ ਵਿੱਚ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਹੁਣ ਜਦੋਂ ਖੇਤਾਂ ਵਿੱਚੋਂ ਪਾਣੀ ਤਾਂ ਸੁੱਕ ਚੁੱਕਾ ਹੈ, ਕਿਸਾਨ ਆਪਣੇ ਖੇਤਾਂ ਵਿੱਚ ਇਕੱਠੀ ਹੋਈ ਰੇਤ ਨੂੰ ਬਾਹਰ ਕਰ ਰਹੇ ਹਨ ਤਾਂ ਇਸ ਤੋਂ ਤੁਰੰਤ ਬਾਅਦ ਸਿੰਚਾਈ ਲਈ ਟਿਊਬਵੈਲਾਂ ਤੱਕ ਨਿਰਵਿਘਨ ਬਿਜਲੀ ਸਪਲਾਈ ਦੀ ਲੋੜ ਰਹੇਗੀ। ਸਰਕਾਰ ਕਿਸਾਨਾਂ ਨੂੰ ਲੋੜੀਦੀ ਬਿਜਲੀ ਸਪਲਾਈ ਯਕੀਨੀ ਬਣਾਵੇ ਤਾਂ ਜੋ ਕਿਸਾਨ ਸਹੀ ਸਮੇਂ ਤੇ ਸਿੰਚਾਈ ਕਰਕੇ ਅਗਲੀ ਫਸਲ ਸਹੀ ਸਮੇਂ ਤੇ ਬੀਜ ਸਕਣ।
ਮੱਖਣ ਬਰਾੜ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ, ਬੇਸ਼ਕ ਪਾਰਟੀ ਵੱਲੋ ਵੀ ਵੱਡੀ ਪੱਧਰ ਤੇ ਆਰਥਿਕ ਮੱਦਦ ਕੀਤੀ ਜਾ ਰਹੀ ਹੈ ਪਰ ਕੁਝ ਕੰਮ ਸਰਕਾਰਾਂ ਦੀ ਪਹੁੰਚ ਤੱਕ ਹੁੰਦੇ ਹਨ, ਜਿਸ ਵਿੱਚ ਬਿਜਲੀ ਸਪਲਾਈ ਤੋਂ ਲੈਕੇ ਨਹਿਰੀ ਪਾਣੀ ਨੂੰ ਖੇਤਾਂ ਤੱਕ ਲੈਕੇ ਜਾਣ ਵਾਲੇ ਕਾਰਜ ਸ਼ਾਮਲ ਹਨ। ਸਰਦਾਰ ਮੱਖਣ ਬਰਾੜ ਨੇ ਕਿਹਾ ਕਿ ਗਰਾਊਂਡ ਤੋ ਜਿਹੜੀ ਰਿਪੋਰਟ ਪਾਰਟੀ ਵਰਕਰ ਸਾਹਿਬਾਨਾਂ ਨੇ ਭੇਜੀ ਹੈ ਉਸ ਮੁਤਾਬਿਕ ਹੜ੍ਹ ਦੇ ਪਾਣੀ ਨਾਲ ਬਹੁਤ ਸਾਰੀਆਂ ਮੋਟਰਾਂ ਸੜ ਗਈਆਂ ਹਨ ਜਿਸ ਨਾਲ ਕਿਸਾਨਾਂ ਦੇ ਨੁਕਸਾਨ ਵਿੱਚ ਹੋਰ ਵਾਧਾ ਹੋਇਆ ਹੈ। ਕਣਕ ਦੀ ਬਿਜਾਈ ਲਈ ਅਗਲੇ 15 ਦਿਨ ਬੜੇ ਅਹਿਮ ਹਨ, ਇਸ ਲਈ ਬਗੈਰ ਦੇਰੀ ਕੀਤੇ ਸਰਕਾਰ ਜਿੱਥੇ ਕਿਸਾਨਾਂ ਦੇ ਟਿਊਬਵੈਲਾਂ ਤੱਕ ਬਿਜਲੀ ਸਪਲਾਈ ਯਕੀਨੀ ਬਣਾਏ, ਉਥੇ ਦੀ ਨਹਿਰੀ ਪਾਣੀ ਦਾ ਵੀ ਖੇਤਾਂ ਤੱਕ ਲਿਜਾਣ ਲਈ ਨਹਿਰੀ ਪ੍ਰਬੰਧ ਕਰੇ। ਸ਼੍ਰੋਮਣੀ ਅਕਾਲੀ ਦਲ ਨੇ ਇਸ ਗੰਭੀਰ ਸਥਿਤੀ ਉੱਤੇ ਚਿੰਤਾ ਪ੍ਰਗਟ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਖੇਤੀਬਾੜੀ ਲਈ ਬਿਜਲੀ ਸਪਲਾਈ ਤੁਰੰਤ ਬਹਾਲ ਕੀਤੀ ਜਾਵੇ ਅਤੇ ਸੜੀਆਂ ਮੋਟਰਾਂ ਦੀ ਭਰਪਾਈ ਲਈ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ