ਡੇਰਾਬੱਸੀ, 3 ਅਕਤੂਬਰ (ਹਿੰ. ਸ.)। ਸ਼ੁੱਕਰਵਾਰ ਸਵੇਰੇ ਗੋਲਡਨ ਪਾਮ ਸੋਸਾਇਟੀ, ਮੁਬਾਰਿਕਪੁਰ ਰੋਡ ਨੇੜੇ ਲਗਾਏ ਗਏ ਪੁਲਿਸ ਨਾਕੇ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਸਮੇਂ ਦੋ ਲੁਟੇਰਿਆਂ ਦਾ ਮੋਟਰਸਾਈਕਲ ਤਿਲਕਣ ਕਾਰਨ, ਉਹ ਜ਼ਖਮੀ ਹੋ ਗਏ। ਵੇਰਵਿਆਂ ਦਾ ਖੁਲਾਸਾ ਕਰਦੇ ਹੋਏ, ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਦੋਸ਼ੀਆਂ, ਜਿਨ੍ਹਾਂ ਦੀ ਪਛਾਣ ਸਮੀਰ ਖਾਨ ਪੁੱਤਰ ਰਾਸ਼ਿਦ ਖਾਨ, ਵਾਸੀ ਪਿੰਡ ਅਤੇ ਥਾਣਾ ਕੀਰਤਪੁਰ, ਜ਼ਿਲ੍ਹਾ ਬਿਜਨੌਰ (ਯੂ.ਪੀ.) ਅਤੇ ਸਬਰੇਜ ਪੁੱਤਰ ਰਾਸ਼ਿਦ ਖਾਨ, ਵਾਸੀ ਪਿੰਡ ਅਤੇ ਥਾਣਾ ਕੀਰਤਪੁਰ, ਜ਼ਿਲ੍ਹਾ ਬਿਜਨੌਰ (ਯੂ.ਪੀ.) ਵਜੋਂ ਹੋਈ ਹੈ, ਨੇ ਹਾਲ ਹੀ ਵਿੱਚ 1 ਅਕਤੂਬਰ, 2025 ਨੂੰ ਮੁਬਾਰਿਕਪੁਰ ਵਿਖੇ ਇੱਕ ਲੜਕੀ ਤੋਂ ਮੋਬਾਈਲ ਫੋਨ ਖੋਹਿਆ ਸੀ। ਥਾਣਾ ਡੇਰਾਬੱਸੀ ਵਿਖੇ ਇਸ ਸਬੰਧੀ ਇੱਕ ਕੇਸ (ਐਫ ਆਈ ਆਰ ਨੰਬਰ 284 ਮਿਤੀ 02.10.2025, ਧਾਰਾ 304, 3(5) ਬੀ ਐਨ ਐਸ) ਦਰਜ ਕੀਤਾ ਗਿਆ ਸੀ।ਐਸ ਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਡੀ ਐਸ ਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ, ਜਿਨ੍ਹਾਂ ਨੂੰ ਜਾਂਚ ਦੀ ਨਿਗਰਾਨੀ ਲਈ ਜਿੰਮੇਵਾਰੀ ਦਿੱਤੀ ਗਈ ਸੀ, ਨੇ ਦੱਸਿਆ ਕਿ ਤਕਨੀਕੀ ਅਤੇ ਮਾਨਵੀ ਸੂਚਨਾ 'ਤੇ ਕੰਮ ਕਰਦੇ ਹੋਏ, ਐਸ ਐਚ ਓ ਇੰਸਪੈਕਟਰ ਸੁਮਿਤ ਮੋਰ ਦੀ ਅਗਵਾਈ ਵਾਲੀ ਇੱਕ ਵਿਸ਼ੇਸ਼ ਟੀਮ ਨੇ ਦੋਸ਼ੀਆਂ ਬਾਰੇ ਪਤਾ ਲਗਾਇਆ। ਐਸ ਐਸ ਪੀ ਨੇ ਅੱਗੇ ਕਿਹਾ ਕਿ ਪੁਲਿਸ ਨੇ ਖੋਹਿਆ ਹੋਇਆ ਮੋਬਾਈਲ ਫੋਨ ਅਤੇ ਅਪਰਾਧ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ। ਹੋਰ ਘਟਨਾਵਾਂ ਵਿੱਚ ਉਨ੍ਹਾਂ ਦੀ ਭੂਮਿਕਾ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ