
ਹੁਸ਼ਿਆਰਪੁਰ, 30 ਅਕਤੂਬਰ (ਹਿੰ. ਸ.)। ਲੋਕ ਹਿੱਤ ਵਿਚ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਵਿਰਾਸਤੀ ਲਾਈਟਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਘੰਟਾ ਘਰ ਚੌਕ ਤੋਂ ਕੀਤੀ ਗਈ। ਵਿਧਾਇਕ ਜਿੰਪਾ ਨੇ ਦੱਸਿਆ ਕਿ ਲੱਗਭਗ 39 ਲੱਖ ਰੁਪਏ ਦੀ ਲਾਗਤ ਨਾਲ 150 ਵਿਰਾਸਤੀ ਲਾਈਟਾਂ ਲਗਾਈਆਂ ਜਾ ਰਹੀਆਂ ਹਨ। ਇਸ ਪ੍ਰੋਜੈਕਟ ਵਿਚ ਕਸ਼ਮੀਰੀ ਬਾਜ਼ਾਰ, ਸ਼ੀਸ਼ ਮਹਿਲ ਬਾਜ਼ਾਰ, ਕੋਤਵਾਲੀ ਬਾਜ਼ਾਰ, ਸਰਾਫ਼ਾ ਬਾਜ਼ਾਰ, ਪ੍ਰਤਾਪ ਚੌਕ ਅਤੇ ਬੱਸੀ ਖਵਾਜ਼ਾ ਬਾਜ਼ਾਰ ਵਰਗੇ ਪ੍ਰਮੁੱਖ ਖੇਤਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲ ਨਾ ਸਿਰਫ਼ ਇਨ੍ਹਾਂ ਬਾਜ਼ਾਰਾਂ ਦੀ ਰਾਤ ਦੀ ਸੁੰਦਰਤਾ ਨੂੰ ਵਧਾਏਗੀ ਬਲਕਿ ਨਾਗਰਿਕਾਂ ਅਤੇ ਵਪਾਰੀਆਂ ਲਈ ਇਕ ਆਕਰਸ਼ਕ ਵਾਤਾਵਰਨ ਵੀ ਪੈਦਾ ਕਰੇਗੀ।ਜਿੰਪਾ ਨੇ ਕਿਹਾ ਕਿ ਇਹ ਕੰਮ ਸ਼ਹਿਰ ਦੀ ਸੁਰੱਖਿਆ, ਸਫ਼ਾਈ ਅਤੇ ਸੁੰਦਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਜਾ ਰਿਹਾ ਹੈ, ਜਿਸ ਨਾਲ ਹੁਸ਼ਿਆਰਪੁਰ ਦੀ ਰਾਤ ਦੀ ਜੀਵਨ ਸ਼ੈਲੀ ਅਤੇ ਵਪਾਰਕ ਗਤੀਵਿਧੀਆਂ ਵਿਚ ਵੀ ਸਕਾਰਾਤਮਕ ਬਦਲਾਅ ਆਉਣਗੇ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦਾ ਸ਼ਾਨਦਾਰ ਇਤਿਹਾਸ ਅਤੇ ਸੱਭਿਆਚਾਰਕ ਪਛਾਣ ਹੁਣ ਆਧੁਨਿਕ ਰੋਸ਼ਨੀ ਵਿਚ ਹੋਰ ਚਮਕੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ