
ਜਲੰਧਰ , 30 ਅਕਤੂਬਰ (ਹਿੰ.ਸ.)|
ਜਲੰਧਰ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਅਤੇ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੀ ਅਗਵਾਈ ਅਤੇ ਵਾਸਲ ਐਜੂਕੇਸ਼ਨ ਦੀ ਰਹਿਨੁਮਾਈ ਹੇਠ ਆਈ.ਵੀ. ਵਰਲਡ ਸਕੂਲ ਵਿਖੇ ਜਲੰਧਰ ਪ੍ਰੀਮੀਅਰ ਲੀਗ (ਜੇ.ਪੀ.ਐਲ.)- ‘ਵਾਰ ਅਗੇਂਸਟ ਡਰੱਗਜ਼ ਐਡੀਸ਼ਨ’ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਗਈ। ਇਸ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ, ਆਪ ਆਗੂ ਨਿਤਿਨ ਕੋਹਲੀ ਅਤੇ ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਕੁਮਾਰ ਵਾਸਲ ਅਤੇ ਸੀ.ਈ.ਓ. ਰਾਘਵ ਵਾਸਲ ਸਮੇਤ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਨ੍ਹਾਂ ਦੀ ਮੌਜੂਦਗੀ ਨੇ ਨੌਜਵਾਨਾਂ ਨੂੰ ਖੇਡਾਂ ਨੂੰ ਅਨੁਸ਼ਾਸਨ ਅਤੇ ਸਕਾਰਾਤਮਕ ਤਬਦੀਲੀ ਦੇ ਮਾਰਗ ਵਜੋਂ ਅਪਣਾਉਣ ਲਈ ਉਤਸ਼ਾਹਿਤ ਕੀਤਾ।
ਸਮਾਰੋਹ ਦੀ ਸ਼ੁਰੂਆਤ ਵਿਦਿਆਰਥੀ ਵੱਲੋਂ ਮੇਜ਼ਬਾਨਾਂ ਦੇ ਸਵਾਗਤ ਨਾਲ ਹੋਈ। ਉਪਰੰਤ ਮਹਿਮਾਨਾਂ ਵੱਲੋਂ ਉੱਤਮਤਾ, ਮਾਣ ਅਤੇ ਸਮਰਪਣ ਦੀ ਸ਼ਾਨਦਾਰ ਪ੍ਰਤੀਕ ਜਲੰਧਰ ਪ੍ਰੀਮੀਅਰ ਲੀਗ ਦੀ ਟਰਾਫੀ 2025 ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਤੋਂ ਬਾਅਦ, ਟਾਸ ਨਾਲ ਆਈ.ਵੀ. ਵਰਲਡ ਸਕੂਲ, ਜਲੰਧਰ ਅਤੇ ਆਰਮੀ ਪਬਲਿਕ ਸਕੂਲ, ਜਲੰਧਰ ਵਿਚਕਾਰ ਉਦਘਾਟਨੀ ਮੈਚ ਦੀ ਸ਼ੁਰੂਆਤ ਹੋਈ। ਦੋਵਾਂ ਟੀਮਾਂ ਵੱਲੋਂ ਬਹੁਤ ਵਧੀਆ ਖੇਡ ਦਾ ਮੁਜਾਹਰਾ ਕੀਤਾ ਗਿਆ ਅਤੇ ਪੂਰੇ ਮੈਚ ਦੌਰਾਨ ਸ਼ਾਨਦਾਰ ਖੇਡ ਭਾਵਨਾ ਅਤੇ ਮੁਕਾਬਲੇ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ।ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਡਾਂਸ, ਗਿੱਧਾ ਪੇਸ਼ ਕਰਨ ਤੋਂ ਇਲਾਵਾ ਸ਼ਾਨਦਾਰ ਜਿਮਨਾਸਟਿਕ ਦਾ ਵੀ ਪ੍ਰਦਰਸ਼ਨ ਕੀਤਾ। ਸਮਾਗਮ ਦੌਰਾਨ ਰੋਮਾਂਚਕ ਮਾਹੌਲ ਦੇਖਣ ਨੂੰ ਮਿਲਿਆ। ਵਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਕੁਮਾਰ ਵਾਸਲ ਅਤੇ ਸੀ.ਈ.ਓ. ਰਾਘਵ ਵਾਸਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਖੇਡਾਂ ਸੰਪੂਰਨ ਸਿੱਖਿਆ ਦਾ ਅਨਿੱਖੜਵਾਂ ਅੰਗ ਹਨ ਅਤੇ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਅਤੇ ਟੀਮ ਵਰਕ ਨੂੰ ਉਤਸ਼ਾਹਿਤ ਕਰਦੀਆਂ ਹਨ। ਜਲੰਧਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਵਾਸਲ ਐਜੂਕੇਸ਼ਨ ਵੱਲੋਂ ਸ਼ਹਿਰ ਭਰ ਦੇ ਕਈ ਸਕੂਲਾਂ ਅਤੇ ਅਕੈਡਮੀਆਂ ਦੀ ਭਾਗੀਦਾਰੀ ਨਾਲ ਜਲੰਧਰ ਪ੍ਰੀਮੀਅਰ ਲੀਗ 2025 ਦੀ ਮੇਜ਼ਬਾਨੀ ਕੀਤੀ ਗਈ। ਇਹ ਲੀਗ ਉਮੀਦ, ਏਕਤਾ ਅਤੇ ਦ੍ਰਿੜਤਾ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਹੈ, ਜੋ ਇਸ ਵਿਸ਼ਵਾਸ ਦੀ ਪੁਸ਼ਟੀ ਕਰਦੀ ਹੈ ਕਿ ਖੇਡਾਂ ਸੱਚਮੁੱਚ ਜੀਵਨ ਨੂੰ ਬਦਲ ਸਕਦੀਆਂ ਹਨ।
==============================
---------------
ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ