
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਅਕਤੂਬਰ (ਹਿੰ. ਸ.)। ਐਸ ਏ ਐਸ ਨਗਰ (ਮੋਹਾਲੀ) ਵਿਧਾਨ ਸਭਾ ਹਲਕੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ, ਵਿਧਾਇਕ ਕੁਲਵੰਤ ਸਿੰਘ ਵੱਲੋਂ ਅੱਜ ਹਲਕੇ ਦੀਆਂ ਚਾਰ ਅਹਿਮ ਸੜਕਾਂ ਦੇ ਨਵੀਨੀਕਰਨ ਅਤੇ ਨਿਰਮਾਣ ਕਾਰਜਾਂ ਦੀ ਰਸਮੀ ਤੌਰ ’ਤੇ ਸ਼ੁਰੂਆਤ ਕੀਤੀ ਗਈ। ਇਨ੍ਹਾਂ ਪ੍ਰੋਜੈਕਟਾਂ ’ਤੇ ਕੁੱਲ 2.13 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਉਪਰਾਲਾ ਖੇਤਰ ਵਿੱਚ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਵੱਲ ਇਕ ਮਹੱਤਵਪੂਰਨ ਕਦਮ ਸਾਬਿਤ ਹੋਵੇਗਾ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਹ ਸਾਰੇ ਪ੍ਰੋਜੈਕਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਵਿਕਾਸ ਪ੍ਰਤੀ ਵਚਨਬੱਧਤਾ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਸਾਰੇ ਕੰਮ ਉੱਚ ਗੁਣਵੱਤਾ ਦੇ ਮਾਪਦੰਡਾਂ ਅਨੁਸਾਰ ਕਰਵਾਏ ਜਾਣਗੇ ਅਤੇ ਹਰ ਪ੍ਰੋਜੈਕਟ ਵਿੱਚ 5 ਸਾਲ ਦਾ ਰੱਖ-ਰਖਾਅ ਸਮਾਂ ਵੀ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਾਰੇ ਕੰਮ 6 ਮਹੀਨਿਆਂ ਦੀ ਨਿਰਧਾਰਤ ਸਮਾਂ-ਸੀਮਾ ਅੰਦਰ ਮੁਕੰਮਲ ਕੀਤੇ ਜਾਣਗੇ।
ਉਨ੍ਹਾਂ ਚਾਰਾਂ ਸੜਕੀ ਪ੍ਰੋਜੈਕਟਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੁਰਾਲੀ ਤੋਂ ਰਾਏਪੁਰ ਖੁਰਦ ਸੜਕ ਦਾ ਨਵੀਨੀਕਰਨ ਤਹਿਤ 1.15 ਕਿਲੋਮੀਟਰ ਲੰਬੀ ਸੜਕ ਦੀ ਚੌੜਾਈ 10 ਫੁੱਟ ਤੋਂ ਵਧਾ ਕੇ 18 ਫੁੱਟ ਕੀਤੀ ਜਾ ਰਹੀ ਹੈ। ਇਸ ’ਤੇ ਲਗਭਗ 84.48 ਲੱਖ ਰੁਪਏ ਦੀ ਲਾਗਤ ਆਵੇਗੀ। ਇਹ ਸੜਕ ਆਖਰੀ ਵਾਰ ਸਾਲ 2018 ਵਿੱਚ ਬਣਾਈ ਗਈ ਸੀ। ਮੁਰੰਮਤ ਦੌਰਾਨ 80 ਐਮ.ਐਮ. ਪੇਵਰ ਬਲਾਕ ਲਗਾਏ ਜਾਣਗੇ ਅਤੇ ਕੰਮ 6 ਮਹੀਨਿਆਂ ਵਿੱਚ ਪੂਰਾ ਹੋਵੇਗਾ।
ਧੀਰਪੁਰ ਤੋਂ ਗੋਬਿੰਦਗੜ੍ਹ ਸੜਕ ਦਾ ਨਿਰਮਾਣ ਤਹਿਤ
1.45 ਕਿਲੋਮੀਟਰ ਲੰਬੀ ਅਤੇ 10 ਫੁੱਟ ਚੌੜੀ ਸੜਕ ’ਤੇ 30 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਵਿੱਚੋਂ 23.70 ਲੱਖ ਰੁਪਏ ਨਿਰਮਾਣ ਕਾਰਜ ਲਈ ਅਤੇ ਬਾਕੀ ਰਕਮ ਪੰਜ ਸਾਲਾਂ ਦੇ ਰੱਖ-ਰਖਾਅ ਲਈ ਰੱਖੀ ਗਈ ਹੈ। ਇਹ ਸੜਕ ਆਖਰੀ ਵਾਰ ਸਾਲ 2016 ਵਿੱਚ ਬਣਾਈ ਗਈ ਸੀ।
ਗੀਗੇ ਮਾਜਰਾ ਤੋਂ ਗੁਡਾਣਾ ਸੜਕ ਦੇ ਸੁਧਾਰ ਤਹਿਤ
1.76 ਕਿਲੋਮੀਟਰ ਲੰਬੀ ਅਤੇ 10 ਫੁੱਟ ਚੌੜੀ ਇਸ ਸੜਕ ’ਤੇ 38.26 ਲੱਖ ਰੁਪਏ ਦੀ ਲਾਗਤ ਆਵੇਗੀ, ਜਿਸ ਵਿੱਚੋਂ 30.70 ਲੱਖ ਰੁਪਏ ਨਿਰਮਾਣ ਕਾਰਜ ਲਈ ਹਨ। ਸੜਕ ਨੂੰ ਲੁੱਕ ਨਾਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਹ ਵੀ 6 ਮਹੀਨਿਆਂ ਵਿੱਚ ਪੂਰੀ ਹੋ ਜਾਵੇਗੀ।
ਇਸੇ ਤਰ੍ਹਾਂ ਦਾਓਂ ਤੋਂ ਰਾਮਗੜ੍ਹ ਸੜਕ ਨੂੰ ਚੌੜਾ ਕਰਨ ਅਤੇ ਨਵੀਨੀਕਰਨ ਤਹਿਤ 1.33 ਕਿਲੋਮੀਟਰ ਲੰਬੀ ਅਤੇ 15 ਫੁੱਟ ਚੌੜੀ ਸੜਕ ’ਤੇ 61 ਲੱਖ ਦੀ ਰੁਪਏ ਦੀ ਲਾਗਤ ਆਵੇਗੀ। ਇਹ ਸੜਕ ਆਖਰੀ ਵਾਰ ਸਾਲ 2018 ਵਿੱਚ ਮੁਰੰਮਤ ਕੀਤੀ ਗਈ ਸੀ। ਇਸ ਨੂੰ 80 ਐਮ.ਐਮ. ਪੇਵਰ ਬਲਾਕ ਨਾਲ ਬਣਾਇਆ ਜਾ ਰਿਹਾ ਹੈ।
ਵਿਧਾਇਕ ਕੁਲਵੰਤ ਸਿੰਘ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਇਹ ਵਿਕਾਸ ਕਾਰਜ ਹਲਕੇ ਦੀ ਤਸਵੀਰ ਬਦਲ ਦੇਣਗੇ ਅਤੇ ਲੋਕਾਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰਨਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ