ਸੁਖਬੀਰ ਬਾਦਲ ਨੇ ਹੜ ਪ੍ਰਭਾਵਿਤ ਇਲਾਕਿਆਂ ਲਈ 25 ਟਰਾਲੀਆਂ ਮੱਕੀ ਦੇ ਅਚਾਰ ਦੀਆਂ ਕੀਤੀਆਂ ਰਵਾਨਾ
ਫਾਜ਼ਿਲਕਾ, 4 ਅਕਤੂਬਰ (ਹਿੰ. ਸ.)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਇਸਨੂੰ ਬੇਸ਼ਕੀਮਤੀ ਸਰਕਾਰੀ ਜ਼ਮੀਨ ਵੇਚ ਕੇ ਇਸਦੀ ਦਿੱਲੀ ਲੀਡਰਸ਼ਿਪ ਦੇ ਖ਼ਜ਼ਾਨੇ ਭਰਨ ਨਹੀਂ ਦੇਵੇਗੀ। ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਹੜ੍ਹ ਪ੍ਰ
,


ਫਾਜ਼ਿਲਕਾ, 4 ਅਕਤੂਬਰ (ਹਿੰ. ਸ.)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਉਹ ਇਸਨੂੰ ਬੇਸ਼ਕੀਮਤੀ ਸਰਕਾਰੀ ਜ਼ਮੀਨ ਵੇਚ ਕੇ ਇਸਦੀ ਦਿੱਲੀ ਲੀਡਰਸ਼ਿਪ ਦੇ ਖ਼ਜ਼ਾਨੇ ਭਰਨ ਨਹੀਂ ਦੇਵੇਗੀ।

ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਹੜ੍ਹ ਪ੍ਰਭਾਵਤ ਇਲਾਕਿਆਂ ਵਾਸਤੇ 25 ਟਰਾਲੀਆਂ ਮੱਕੀ ਦੇ ਅਚਾਰ ਦੀਆਂ ਰਵਾਨਾ ਕੀਤੀਆਂ, ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਜੋ ਜਾਇਦਾਦਾਂ ਨਿਲਾਮ ਕਰਨੀਆਂ ਚਾਹੁੰਦੀ ਹੈ, ਉਹਨਾਂ ਵਿਚ ਮੁਹਾਲੀ ਦੀ 12 ਏਕੜ ਵਿਚ ਫੈਲੀ ਆਧੁਨਿਕ ਫਲ ਤੇ ਸਬਜ਼ੀ ਮੰਡੀ ਵੀ ਸ਼ਾਮਲ ਹੈ ਜਿਸਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਥਾਪਿਤ ਕੀਤਾ ਸੀ। ਉਹਨਾਂ ਕਿਹਾ ਕਿ ਇਸ ਮੰਡੀ ਵਿਚ ਸਬਜ਼ੀ ਤੇ ਫਲਾਂ ਦੀਆਂ ਦੁਕਾਨਾਂ ਇਕ ਸਾਲ ਪਹਿਲਾਂ ਹੀ ਮੰਡੀ ਬੋਰਡ ਨੇ ਨਿਲਾਮ ਕਰਕੇ ਅਲਾਟ ਕੀਤੀਆਂ ਸਨ। ਉਹਨਾਂ ਕਿਹਾ ਕਿ ਮੌਕੇ ਦੁਕਾਨਾਂ ਪਹਿਲਾਂ ਹੀ ਚਲ ਰਹੀਆਂ ਹਨ ਤੇ ਹੁਣ ਮੰਡੀ ਬੋਰਡ ਨੇ ਫੈਸਲਾ ਕੀਤਾ ਹੈ ਕਿ ਪਿਛਲੀ ਨਿਲਾਮੀ ਰੱਦ ਕੀਤੀ ਜਾਵੇ ਅਤੇ ਦੁਕਾਨਦਾਰਾਂ ਤੋਂ ਉਹਨਾਂ ਦਾ ਰੋਜ਼ਗਾਰ ਖੋਹਿਆ ਜਾਵੇ। ਉਹਨਾਂ ਕਿਹਾ ਕਿ ਅਸੀਂ ਇਹ ਕਿਸੇ ਵੀ ਕੀਮਤ ’ਤੇ ਨਹੀਂ ਹੋਣ ਦੇਵਾਂਗੇ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰ ਪਟਿਆਲਾ ਵਿਚ 8 ਏਕੜ ਵਿਚ ਫੈਲੀ ਪ੍ਰਿੰਟਿੰਗ ਪ੍ਰੈਸ ਕਲੌਨੀ, ਪ੍ਰਿੰਟਿੰਗ ਪ੍ਰੈਸ ਦੀ ਥਾਂ (10 ਏਕੜ), ਲੁਧਿਆਣਾ ਵਿਚ ਪਸ਼ੂ ਹਸਪਤਾਲ ਦੀ ਥਾਂ (2.27 ਏਕੜ), ਤਰਨਤਾਰਨ ਵਿਚ ਸ਼ੇਰੋਂ ਖੰਡ ਮਿੱਲ (89 ਏਕੜ) ਅਤੇ ਗੁਰਦਾਸਪੁਰ ਵਿਚ ਪੀ ਡਬਲਿਊ ਡੀ ਗੈਸਟ ਹਾਊਸ (1.75 ਏਕੜ) ਵੇਚਣਾ ਚਾਹੁੰਦੀ ਹੈ ਜਿਸ ਵਿਚੋਂ ਭ੍ਰਿਸ਼ਟਾਚਾਰ ਦੀ ਮੁਸ਼ਕ ਆਉਂਦੀ ਹੈ। ਉਹਨਾਂ ਕਿਹਾ ਕਿ ਇਹ ਜਾਇਦਾਦਾਂ ਆਪਣੇ ਚਹੇਤਿਆਂ ਨੂੰ ਸਸਤੇ ਭਾਅ ਵੇਚਣ ਦੀ ਵਿਉਂਤਬੰਦੀ ਕੀਤੀ ਜਾ ਰਹੀ ਹੈ।

ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਜਾਇਦਾਦਾਂ ਪੰਜਾਬੀਆਂ ਦੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਦੀ ਵਰਤੋਂ ਦਿੱਲੀ ਦੀ ਆਪ ਲੀਡਰਸ਼ਿਪ ਦੇ ਖ਼ਜ਼ਾਨੇ ਭਰਨ ਵਾਸਤੇ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਆਪ ਸਰਕਾਰ ਰਾਜ ਕੁਦਰਤੀ ਆਫਤ ਫੰਡ ਦੇ 12 ਹਜ਼ਾਰ ਕਰੋੜ ਰੁਪਏ ਦੇ ਕੇਂਦਰੀ ਫੰਡਾਂ ਦਾ ਹਿਸਾਬ ਨਾ ਦੇਣ ਕਾਰਨ ਘਿਰ ਗਈ ਹੈ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਇਸ ਫੰਡ ਦਾ ਪੈਸਾ ਆਪ ਸਰਕਾਰ ਨੇ ਦੁਰਵਰਤੋ਼ ਕੀਤਾ ਹੈ। ਉਹਨਾਂ ਕਿਹਾ ਕਿ ਹੁਣ ਉਹ ਸਰਕਾਰੀ ਜਾਇਦਾਦਾਂ ਵੇਚ ਕੇ ਹੋਰ ਪੈਸਾ ਇਕੱਠਾ ਕਰਨਾ ਚਾਹੁੰਦੀ ਹੈ।

ਬਾਦਲ ਨੇ ਹੜ੍ਹ ਮਾਰੇ ਪਿੰਡਾਂ ਸਾਬੂਆਣਾ, ਮਹਾਤਮ ਨਗਰ ਅਤੇ ਝੰਜਰ ਭੈਣੀ ਦਾ ਦੌਰਾ ਕੀਤਾ ਤੇ ਪਿੰਡਾਂ ਵਾਲਿਆਂ ਨਾਲ ਗੱਲਬਾਤ ਕੀਤੀ। ਕਿਸਾਨਾਂ ਨੇ ਆਪ ਸਰਕਾਰ ਪਹਿਲਾਂ ਤਾਂ ਜਦੋਂ ਉਹ ਹੜ੍ਹਾਂ ਵਿਚ ਘਿਰ ਗਏ ਤਾਂ ਉਹਨਾਂ ਦੀ ਮਦਦ ਵਾਸਤੇ ਨਿਤਰਣ ਵਿਚ ਅਸਫਲ ਰਹੀ ਅਤੇ ਹੁਣ ਉਹਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਸ਼ਰਮ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕੀਤੇ ਐਲਾਨ ਮੁਤਾਬਕ ਪ੍ਰਤੀ ਏਕੜ 20 ਹਜ਼ਾਰ ਰੁਪਏ ਦਾ ਮੁਆਵਜ਼ਾ ਵੀ ਜਾਰੀ ਨਹੀਂ ਕੀਤਾ। ਉਹਨਾਂ ਕਿਹਾ ਕਿ ਸੂਬੇ ਵਿਚ ਕਿਸਾਨ ਬਹੁਤ ਮੁਸ਼ਕਿਲ ਵਿਚ ਹਨ ਤੇ ਉਹਨਾਂ ਕੋਲ ਆਪਣੇ ਖੇਤਾਂ ਵਿਚੋਂ ਰੇਤਾ ਕੱਢਣ ਤੇ ਖੇਤਾਂ ਨੂੰ ਕਣਕ ਬੀਜਣ ਵਾਸਤੇ ਤਿਆਰ ਕਰਨ ਜੋਗੇ ਵੀ ਪੈਸੇ ਨਹੀਂ ਹਨ।

ਬਾਦਲ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਅਕਾਲੀ ਦਲ ਉਹਨਾਂ ਦੀ ਮਦਦ ਵਾਸਤੇ ਹਰ ਸੰਭਵ ਯਤਨ ਕਰੇਗਾ ਅਤੇ ਉਹ ਇਕ ਲੱਖ ਏਕੜ ਵਿਚ ਫਸਲ ਬੀਜਣ ਵਾਸਤੇ ਕਣਕ ਦੇ ਬੀਜ ਪ੍ਰਦਾਨ ਕਰ ਰਿਹਾ ਹੈ ਤੇ ਹੜ੍ਹ ਮਾਰੇ ਇਲਾਕਿਆਂ ਵਿਚ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਰਾਸ਼ਨ ਪ੍ਰਦਾਨ ਕੀਤਾ ਜਾ ਰਿਹਾ ਹੈ।

ਪਿੰਡ ਸਾਬੂਆਣਾ ਦੀ ਸੰਗਤ ਦੀ ਮੰਗ ਤੇ ਬਾਦਲ ਨੇ ਪਿੰਡ ਦੀ ਪੰਚਾਇਤ ਨੂੰ ਗਾਉਸ਼ਾਲਾ ਲਈ ਮੌਕੇ ਤੇ ਹੀ ਮਾਲੀ ਮਦਦ ਸਪੁਰਦ ਕੀਤੀ ਅਤੇ ਪਿੰਡ ਮਹਾਤਮ ਨਗਰ ਦੀ ਸੰਗਤ ਵਲੋਂ ਗੁਰੂਦਵਾਰਾ ਸਾਹਿਬ ਦੀ ਸੇਵਾ ਲਈ ਰੱਖੀ ਮੰਗ ਤੇ ਉਸਾਰੀ ਲਈ ਸੇਵਾ ਭੇਜਣ ਦਾ ਐਲਾਨ ਵੀ ਕੀਤਾ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande