ਫਾਜ਼ਿਲਕਾ, 4 ਅਕਤੂਬਰ (ਹਿੰ. ਸ.)। ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ (ਪੁੱਕਾ) ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਆਪਣੇ ਰਾਹਤ ਕਾਰਜ ਜਾਰੀ ਰੱਖੇ ਹਨ। ਪੁੱਕਾ ਦੇ ਪ੍ਰਧਾਨ ਅਤੇ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਦੀ ਅਗਵਾਈ ਵਿੱਚ ਪੁੱਕਾ ਦੇ ਇੱਕ ਵਫ਼ਦ ਨੇ ਸਰਹੱਦੀ ਖੇਤਰ ਫਾਜ਼ਿਲਕਾ ਪੱਟੀ ਦੇ ਹੜ੍ਹ ਪ੍ਰਭਾਵਿਤ ਸਕੂਲਾਂ ਨੂੰ ਪ੍ਰੋਗਰਾਮ ਦੌਰਾਨ ਲਗਭਗ 3 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੰਡੀ। ਇਸ ਮੌਕੇ ਸ਼੍ਰੀਮਤੀ ਵੀਰਪਾਲ ਕੌਰ (ਪੀਸੀਐਸ), ਐਸਡੀਐਮ ਫਾਜ਼ਿਲਕਾ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। ਇਸ ਦੌਰਾਨ ਸ਼੍ਰੀ ਅਜੈ ਕੁਮਾਰ ਸ਼ਰਮਾ, ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਫਾਜ਼ਿਲਕਾ ਅਤੇ ਓਪ ਜ਼ਿਲ੍ਹਾ ਸਿਖਿਆ ਅਫਸਰ ਪਰਵਿੰਦਰ ਸਿੰਘ ਵਿਸ਼ੇਸ਼ ਤੌਰ ਨਾਲ ਮੌਜੂਦ ਸਨ।
ਪੁੱਕਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਝੰਗੜ ਭੈਣੀ, ਸਰਕਾਰੀ ਪ੍ਰਾਇਮਰੀ ਸਕੂਲ ਗੁਲਾਬਾ ਭੈਣੀ, ਸਰਕਾਰੀ ਪ੍ਰਾਇਮਰੀ ਸਕੂਲ ਰੇਤੇ ਵਾਲੀ ਭੈਣੀ, ਸਰਕਾਰੀ ਪ੍ਰਾਇਮਰੀ ਸਕੂਲ ਦੋਨਾ ਨਾਨਕਾ, ਸਰਕਾਰੀ ਪ੍ਰਾਇਮਰੀ ਸਕੂਲ ਮੁਹਾਰ ਜਮਸ਼ੇਰ, ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਸੱਦਾ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਮੋਹਣਾ ਰਾਮ, ਸਰਕਾਰੀ ਪ੍ਰਾਇਮਰੀ ਸਕੂਲ ਗੁਦੜ ਭੈਣੀ, ਸਰਕਾਰੀ ਪ੍ਰਾਇਮਰੀ ਸਕੂਲ ਘੁਰਕਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਗੜ ਭੈਣੀ ਸਰਕਾਰੀ ਹਾਈ ਸਕੂਲ ਘੁਰਕਾ ਨੂੰ 25-25 ਹਜਾਰ ਰੁਪਏ ਦੇ ਚੈੱਕ ਵੰਡੇ ਗਏ।
ਐਸ.ਡੀ.ਐਮ. ਫਾਜ਼ਿਲਕਾ ਮੈਡਮ ਵੀਰਪਾਲ ਕੌਰ ਨੇ ਸੰਬੋਧਨ ਕਰਦਿਆਂ ਫਾਜ਼ਿਲਕਾ ਪੱਟੀ ਦੇ ਹੜ੍ਹ ਪ੍ਰਭਾਵਿਤ ਸਕੂਲਾਂ ਦੀ ਸਹਾਇਤਾ ਲਈ ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ ਅਤੇ ਡਾ. ਅੰਸ਼ੂ ਕਟਾਰੀਆ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਿੱਖਿਆ ਖੇਤਰ ਵਿੱਚ ਸਮਾਜਿਕ ਜ਼ਿੰਮੇਵਾਰੀ ਦੀ ਇੱਕ ਮਜ਼ਬੂਤ ਉਦਾਹਰਣ ਵਜੋਂ ਪੁੱਕਾ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਬਾਅਦ ਹੁਣ ਮੁੜਵਸੇਬਾ ਕਰਨਾ ਮੁੱਖ ਚੁਣੌਤੀ ਹੈ ਜਿਸ ਨੂੰ ਸਰਕਾਰ ਦੇ ਨਾਲ-ਨਾਂਲ ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਬਾਖੂਵੀ ਆਪਣਾ ਰੋਲ ਨਿਭਾ ਰਹੀਆਂ ਹਨ। ਪਿੰਡਾਂ, ਸਕੂਲਾਂ, ਲੋਕਾਂ ਨੁੰ ਪੁਨਰਵਾਸ ਕਰਨ ਲਈ ਸਭ ਵਧ ਚੜ ਕੇ ਯੋਗਦਾਨ ਪਾ ਰਹੇ ਹਨ।
ਇਸ ਮੌਕੇ ਸਟੇਟ ਐਵਾਰਡੀ ਚੰਚਲ ਕਟਾਰੀਆ, ਰਾਜੀਵ ਮੱਕੜ, ਪਰਮੋਦ ਕੁਮਾਰ ਬੀਪੀਈਓ ਫ਼ਾਜ਼ਿਲਕਾ 2 ਸਮੇਤ ਨਾਮਵਰ ਸਿੱਖਿਆ ਸ਼ਾਸਤਰੀ, ਵਿਜੈ ਪਾਲ, ਗੁਰਛਿੰਦਰ ਪਾਲ ਸਿੰਘ, ਰਜਿੰਦਰ ਵਿਖੋਣਾ, ਰਾਜੀਵ ਚਗਤੀ ਵੀ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ, ਡਾ. ਕਟਾਰੀਆ ਨੇ ਕਿਹਾ ਕਿ ਕੁਦਰਤੀ ਆਫ਼ਤਾਂ ਕਾਰਨ ਸਿੱਖਿਆ ਨੂੰ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ ਅਤੇ ਭਰੋਸਾ ਦਿੱਤਾ ਕਿ ਪੁੱਕਾ ਲੋੜਵੰਦ ਸਕੂਲਾਂ ਅਤੇ ਵਿਦਿਆਰਥੀਆਂ ਦੇ ਨਾਲ ਖੜ੍ਹਾ ਰਹੇਗਾ।
ਇਸ ਤੋਂ ਪਹਿਲਾਂ, ਪੁੱਕਾ ਨੇ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਵਿੱਚ 11 ਲੱਖ ਰੁਪਏ ਦਾ ਯੋਗਦਾਨ ਪਾਇਆ ਸੀ। ਇਸ ਵਾਰ, ਆਦੇਸ਼ ਗਰੁੱਪ ਅਤੇ ਕਾਲਜਦੁਨੀਆ ਦੇ ਯੋਗਦਾਨ ਨਾਲ ਇਸ ਪਹਿਲਕਦਮੀ ਨੂੰ ਹੋਰ ਮਜ਼ਬੂਤੀ ਮਿਲੀ, ਜਿਨ੍ਹਾਂ ਨੇ ਮਦਦ ਦਾ ਹੱਥ ਵਧਾਉਣ ਲਈ ਪੁੱਕਾ ਨਾਲ ਭਾਈਵਾਲੀ ਕੀਤੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ