ਪਟਿਆਲਾ, 4 ਅਕਤੂਬਰ (ਹਿੰ. ਸ.)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਰਣਜੀਤ ਸਾਗਰ ਡੈਮ ਤੋਂ ਮੁੱੜ ਪਾਣੀ ਛਡਿਆ ਗਿਆ ਹੈ, ਜਿਸ ਕਾਰਨ ਸਰਕਾਰੀ ਅਤੇ ਗੈਰ-ਸਰਕਾਰੀ ਮੀਡੀਆ ਵੱਲੋਂ ਪੰਜਾਬ ਦੇ 13 ਜਿਲ੍ਹਿਆਂ ਨੂੰ ਹੜਾਂ ਕਾਰਨ ਹੋਣ ਵਾਲੇ ਕਿਸੇ ਵੀ ਭਵਿੱਖਤ ਖਤਰੇ ਤੋਂ ਸੁਚੇਤ (ਅਲਰਟ) ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੀ.ਬੀ.ਐਮ.ਬੀ. ਦਾ ਕੰਟਰੋਲ ਕੇਂਦਰ ਸਰਕਾਰ ਪਾਸ ਹੈ, ਪੰਜਾਬ ਨੂੰ ਤਾਂ ਪ੍ਰਬੰਧਕੀ ਬੋਰਡ ਵਿਚ ਬਾਹਰ ਹੀ ਕੱਢ ਦਿੱਤਾ ਗਿਆ ਹੈ ਪਰੰਤੂ ਹੜਾਂ ਕਾਰਨ ਤਬਾਹੀ ਤਾਂ ਪੰਜਾਬ ਦੀ ਹੁੰਦੀ ਹੈ ਜੋ ਇਸ ਵਾਰ ਵੀ ਹੋਈ ਹੈ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਤੋਂ ਕਿਸੇ ਵੀ ਹੋਰ ਰਾਜਸੀ ਪਾਰਟੀ ਨੇ ਇਕ ਪੈਸੇ ਦੀ ਸਹਾਇਤਾ ਨਹੀਂ ਕੀਤੀ ਜਦਕਿ ਵਾਰ ਵਾਰ ਇਹ ਜ਼ਰੂਰ ਦੁਹਰਾਇਆ ਜਾ ਰਿਹਾ ਹੈ ਕਿ ਅਸੀਂ ਇਸ ਦੁੱਖ ਦੀ ਘੜੀ ਵਿਚ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਅਤੇ ਪੀੜਤ ਲੋਕ ਨਾਲ ਖੜੇ ਹਾਂ। ਖੜੇ ਹੋਕੇ ਸਾਡੀ ਦਸ਼ਾ ਦਾ ਮਜ਼ਾਕ ਹੀ ਉਡਾਇਆ ਜਾ ਰਿਹਾ ਹੈ ।
ਉਨ੍ਹਾਂ ਕਿਹਾ ਕਿ ਇਹ ਵੀ ਬੜਾ ਅਫਸੋਸ ਹੈ ਕਿ ਸਹਾਇਤਾ ਦੇਣ ਦੀ ਬਜਾਏ ਹੁਣ 12000 (ਬਾਰਾਂ ਹਜ਼ਾਰ) ਰੁਪਏ ਐਸ.ਡੀ.ਆਰ. ਫੰਡ ਦਾ ਰੇੜਕਾ ਖੜਾ ਕਰ ਲਿਆ, ਇਹ ਮਹੀਨਾ ਪਹਿਲਾਂ ਵੀ ਨਜਿਠੀਆ ਜਾ ਸਕਦਾ ਸੀ ਜਾਂ ਪੰਜਾਬ ਵਿਚ ਹੜ੍ਹਾਂ ਤੋਂ ਬਾਅਦ ਸਥਿਤੀ ਆਮ ਵਰਗੀ ਹੋਣ ਜਾਣ ਬਾਅਦ ਵੀ ਵਿਚਾਰਿਆ ਜਾ ਸਕਦਾ ਹੈ। ਇਸ ਲਈ ਨੁਕਤਾਚੀਨੀ ਕਰਕੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਨ ਵਾਲਿਆਂ ਨੂੰ ਅਪੀਲ ਹੈ ਕਿ ਜੇਕਰ ਸਹਾਇਤਾ ਕਰਨ ਦੀ ਹਿੰਮਤ ਅਤੇ ਸੋਚ ਨਹੀਂ ਹੈ ਤਾਂ ਘੱਟੋ-ਘੱਟ ਚੁੱਪ ਕਰਕੇ ਤਾਂ ਬੈਠਿਆ ਜਾਵੇ । ਉਹਨਾਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਵੀ ਅਪੀਲ ਹੈ ਕਿ ਉਹ ਜਿਸ ਤਰ੍ਹਾਂ ਦੂਜੇ ਸੂਬਿਆਂ ਲਈ ਖਜ਼ਾਨੇ ਦੇ ਮੂੰਹ ਖੋਲ੍ਹ ਰਹੇ ਹਨ। ਪੰਜਾਬ ਵੱਲ ਵੀ ਸਵੱਲੀ ਨਜ਼ਰ ਕਰਨ ਅਤੇ ਤੁਰੰਤ ਪੰਜਾਬ ਦੇ ਹੜ੍ਹ ਪੀੜਤਾਂ ਦੀ ਵੱਧ ਤੋਂ ਵੱਧ ਸਹਾਇਤਾ ਲਈ ਅੱਗੇ ਆਉਣ ਦੀ ਖੇਚਲ ਕਰਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ