ਮੁਹਾਲੀ, 4 ਅਕਤੂਬਰ (ਹਿੰ. ਸ.)। ਜ਼ਿਲ੍ਹਾ ਐਸ.ਏ.ਐਸ. ਨਗਰ ਪੁਲਿਸ ਵੱਲੋਂ ਭੈੜੇ ਅਨਸਰਾਂ ਅਤੇ ਅਪਰਾਧੀਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪਿਛਲੇ ਤਿੰਨ ਮਹੀਨਿਆਂ ਦੌਰਾਨ 100 ਤੋਂ ਵੱਧ ਭਗੌੜੇ (ਪੀ ਓਜ਼) ਨੂੰ ਗ੍ਰਿਫਤਾਰ ਕਰਕੇ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਭਗੌੜਿਆਂ ਦੀ ਗ੍ਰਿਫਤਾਰੀ ਲਈ ਵਿਸ਼ੇਸ਼ ਪੀ.ਓ. ਸਟਾਫ ਤਾਇਨਾਤ ਕੀਤਾ ਗਿਆ ਹੈ, ਜਿਸ ਦੀ ਮੁੱਖ ਜ਼ਿੰਮੇਵਾਰੀ ਕੇਵਲ ਭਗੌੜਿਆਂ ਦੀ ਭਾਲ ਅਤੇ ਗ੍ਰਿਫਤਾਰੀ ਹੈ। ਉਨ੍ਹਾਂ ਦੱਸਿਆ ਕਿ ਸੌਰਵ ਜਿੰਦਲ, ਕਪਤਾਨ ਪੁਲਿਸ (ਜਾਂਚ) ਅਤੇ ਨਵੀਨਪਾਲ ਸਿੰਘ ਲਹਿਲ, ਉਪ ਕਪਤਾਨ ਪੁਲਿਸ (ਸਪੈਸ਼ਲ ਕਰਾਈਮ) ਦੀ ਨਿਗਰਾਨੀ ਹੇਠ, ਇੰਚਾਰਜ ਥਾਣੇਦਾਰ ਬਲਵਿੰਦਰ ਸਿੰਘ (ਪੀ.ਓ. ਸਟਾਫ ਮੋਹਾਲੀ) ਅਤੇ ਸਮੂਹ ਟੀਮਾਂ ਵੱਲੋਂ ਇਹ ਸਫਲਤਾ ਪ੍ਰਾਪਤ ਕੀਤੀ ਗਈ ਹੈ।
ਇਸ ਮਿਆਦ ਦੌਰਾਨ ਗ੍ਰਿਫਤਾਰ ਕੀਤੇ ਗਏ 100 ਤੋਂ ਵੱਧ ਭਗੌੜਿਆਂ ਵਿੱਚ ਵੱਖ-ਵੱਖ ਗੰਭੀਰ ਜੁਰਮਾਂ ਨਾਲ ਸਬੰਧਿਤ ਵਿਅਕਤੀ ਸ਼ਾਮਲ ਹਨ — ਜਿਨ੍ਹਾਂ ਵਿੱਚ ਕਤਲ ਦੇ ਕੇਸ 2, ਇਰਾਦਾ ਕਤਲ 2, ਐਨ.ਡੀ.ਪੀ.ਐਸ. ਐਕਟ 7, ਧੋਖਾਧੜੀ 7, ਲੁੱਟ-ਖੋਹ/ਚੋਰੀ 29, ਐਕਸੀਡੈਂਟ 19, ਐਕਸਾਈਜ਼ ਐਕਟ 11 ਅਤੇ ਹੋਰ ਵੱਖ-ਵੱਖ ਅਪਰਾਧਾਂ ਹੇਠ 24 ਮਾਮਲੇ ਸ਼ਾਮਲ ਹਨ।
ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ ਨੇ ਕਿਹਾ ਕਿ ਮੋਹਾਲੀ ਪੁਲਿਸ ਵੱਲੋਂ ਭਵਿੱਖ ਵਿੱਚ ਵੀ ਇਹ ਮੁਹਿੰਮ ਹੋਰ ਤੇਜ਼ ਗਤੀ ਨਾਲ ਜਾਰੀ ਰੱਖੀ ਜਾਵੇਗੀ ਤਾਂ ਜੋ ਹਰ ਭਗੌੜੇ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਾਨੂੰਨ ਤੇ ਕਾਇਦੇ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਹਰ ਅਪਰਾਧੀ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ