ਸਾਹਿਬਜ਼ਾਦਾ ਅਜੀਤ ਸਿੰਘ ਨਗਰ, 4 ਅਕਤੂਬਰ (ਹਿੰ. ਸ.)। ਲਖਨੌਰ ਸਥਿਤ ਬੀ ਐਸ ਐਫ (ਸੀਮਾ ਸੁਰੱਖਿਆ ਬਲ) ਕੈਂਪਸ ਵਿੱਚ 36 ਲੱਖ ਦੀ ਲਾਗਤ ਨਾਲ ਅਤੇ 1100 ਫੁੱਟ ਡੂੰਘਾਈ ਵਾਲੇ ਨਵੇਂ ਟਿਊਬਵੈੱਲ ਬੋਰ ਦਾ ਉਦਘਾਟਨ ਬੀਤੀ ਸ਼ਾਮ ਇੱਥੇ ਹੋਏ ਸਾਦਾ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀਮਤੀ ਕੋਮਲ ਮਿੱਤਲ, ਐਡੀਸ਼ਨਲ ਡਾਇਰੈਕਟਰ ਜਨਰਲ ਬੀ ਐਸ ਐਫ (ਪੱਛਮੀ ਕਮਾਂਡ) ਸਤੀਸ਼ ਐਸ. ਖੰਡਾਰੇ ਅਤੇ ਕਾਰਜਕਾਰੀ ਇੰਜੀਨੀਅਰ ਰਮਨਪ੍ਰੀਤ ਸਿੰਘ ਨੇ ਸੰਯੁਕਤ ਤੌਰ ‘ਤੇ ਕੀਤਾ।
ਇਹ ਕਾਰਜ ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ ਹੈ, ਜਿਸਦਾ ਉਦੇਸ਼ ਬੀ ਐਸ ਐਫ ਕੈਂਪਸ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਪੀਣ ਯੋਗ ਪਾਣੀ ਦੀ ਉਪਲਬਧਤਾ ਅਤੇ ਗੁਣਵੱਤਾ ਵਿੱਚ ਸੁਧਾਰ ਲਿਆਉਣਾ ਹੈ। ਨਵੀਂ ਟਿਊਬਵੈੱਲ ਸਹੂਲਤ ਨਾਲ ਬੀ ਐਸ ਐਫ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਲੋੜੀਂਦੇ ਪਾਣੀ ਦੀ ਭਰੋਸੇਯੋਗ ਸਪਲਾਈ ਮਿਲੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਇਹ ਪ੍ਰੋਜੈਕਟ ਨਾਗਰਿਕਾਂ ਦੀ ਭਲਾਈ ਲਈ ਸਰਕਾਰ ਅਤੇ ਬੀ ਐਸ ਐਫ ਦੇ ਸਾਂਝੇ ਯਤਨਾਂ ਦਾ ਪ੍ਰਤੀਕ ਹੈ। ਉਨ੍ਹਾਂ ਨੇ ਸਮੇਂ ਸਿਰ ਕੰਮ ਪੂਰਾ ਕਰਨ ਲਈ ਸੰਬੰਧਿਤ ਅਧਿਕਾਰੀਆਂ ਦੀ ਸ਼ਲਾਘਾ ਕੀਤੀ।
ਐਡੀਸ਼ਨਲ ਡਾਇਰੈਕਟਰ ਜਨਰਲ ਸਤੀਸ਼ ਐਸ. ਖੰਡਾਰੇ ਨੇ ਕਿਹਾ ਕਿ ਇਹ ਬੀ ਐਸ ਐਫ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਮਹੱਤਵਪੂਰਨ ਉਪਰਾਲਾ ਹੈ, ਜੋ ਸਿਵਲ-ਸੈਨਾ ਸਹਿਯੋਗ ਦੀ ਉੱਤਮ ਮਿਸਾਲ ਪੇਸ਼ ਕਰਦਾ ਹੈ।
ਕਾਰਜਕਾਰੀ ਇੰਜੀਨੀਅਰ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਟਿਊਬਵੈੱਲ ਸਾਰੇ ਤਕਨੀਕੀ ਮਾਪਦੰਡਾਂ ਅਨੁਸਾਰ ਬਣਾਇਆ ਗਿਆ ਹੈ ਅਤੇ ਇਹ ਲਗਾਤਾਰ ਉੱਚ-ਗੁਣਵੱਤਾ ਵਾਲੇ ਪਾਣੀ ਦੀ ਸਪਲਾਈ ਦੇਣ ਦੇ ਯੋਗ ਹੈ।
ਇਸ ਸਮਾਰੋਹ ਵਿੱਚ ਬੀਐਸਐਫ ਦੇ ਸੀਨੀਅਰ ਅਧਿਕਾਰੀ, ਸਥਾਨਕ ਪ੍ਰਸ਼ਾਸਨ ਦੇ ਪ੍ਰਤੀਨਿਧੀ ਅਤੇ ਹੋਰ ਉੱਘੀਆਂ ਸਖਸ਼ੀਅਤਾਂ ਵੀ ਮੌਜੂਦ ਸਨ। ਇਸ ਪ੍ਰੋਜੈਕਟ ਦੇ ਸਫਲ ਨਿਰਮਾਣ ਨਾਲ ਇਲਾਕੇ ਵਿੱਚ ਪਾਣੀ ਦੀ ਕਮੀ ਦੂਰ ਹੋਵੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ