ਬਟਾਲਾ, 5 ਅਕਤੂਬਰ (ਹਿੰ. ਸ.)। ਡਿਪਟੀ ਕਮਿਸਨਰ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ.ਡੀ.ਐੱਮ ਬਟਾਲਾ ਵਿਕਰਮਜੀਤ ਸਿੰਘ ਪਾਂਥੇ ਦੀ ਅਗਵਾਈ ਵਿਚ ਪਿੰਡ ਕਾਹਲਵਾਂ ਅਤੇ ਭਾਮ ਵਿਖੇ ਵਿਚ ਪਰਾਲੀ ਪ੍ਰਬੰਧਨ ਸਬੰਧੀ ਕਿਸਾਨ ਸਿਖਲਾਈ ਜਾਗਰੂਕਤਾ ਕੈੰਪ ਲਗਾਇਆ ਗਿਆ। ਇਸ ਮੌਕੇ ਤਹਿਸੀਲਦਾਰ ਬਟਾਲਾ ਅਰਜਨ ਸਿੰਘ ਗਰੇਵਾਲ, ਖ਼ੇਤੀਬਾੜੀ ਵਿਸਥਾਰ ਅਫਸਰ ਮਨਪ੍ਰੀਤ ਸਿੰਘ, ਏ.ਡੀ.ਓ ਜੋਬਨਜੀਤ ਸਿੰਘ, ਗੁਰਸਿਮਰਨ ਸਿੰਘ, ਨੋਡਲ ਅਫਸਰ ਅਵਤਾਰ ਸਿੰਘ ਪੰਚਾਇਤ ਸੈਕਟਰੀ, ਸਰਪੰਚ ਹਰਦੇਵ ਸਿੰਘ ਕਿਸਾਨ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਅਗਾਂਹਵਧੂ ਕਿਸਾਨ ਸ਼ਾਮਿਲ ਸਨ।ਇਸ ਮੌਕੇ ਗੱਲ ਕਰਦਿਆਂ ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਨੇ ਦੱਸਿਆ ਕਿ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਕਿਸਾਨਾਂ ਨੂੰ ਜ਼ਮੀਨੀ ਪੱਧਰ ਤੇ ਪਰਾਲੀ ਨਾ ਜਲਾਉਣ, ਪਰਾਲੀ ਦੇ ਸੁਚੱਜੇ ਪ੍ਰਬੰਧਨ, ਖ਼ੇਤੀਬਾੜੀ ਮਸ਼ੀਨਰੀ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਲਗਾਤਾਰ ਮੁਹਿੰਮ ਵਿੱਢੀ ਹੋਈ ਹੈ ਤਾਂ ਜੋ ਕਿਸਾਨਾਂ ਨੂੰ ਮਿਲਕੇ, ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਕੇ ਹੱਲ ਕੀਤੀਆਂ ਜਾ ਸਕਣ।
ਉਨ੍ਹਾਂ ਕਿਹਾ ਕਿ ਸਿਵਲ ਪ੍ਰਸ਼ਾਸਨ, ਪੁਲਸ ਪ੍ਰਸ਼ਾਸਨ, ਨੋਡਲ ਅਫਸਰਾਂ, ਕਲੱਸਟਰ ਅਫਸਰਾਂ ਦੀ ਕੜੀ ਮਿਹਨਤ ਨਾਲ ਪਿਛਲੇ ਸਾਲ ਜਿਲ੍ਹੇ ਵਿੱਚ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਕਟੌਤੀ ਆਉਣਾ ਸਮੂਹ ਅਧਿਕਾਰੀਆਂ ਦੀ ਮਿਹਨਤ ਸਦਕਾ ਸੰਭਵ ਰਿਹਾ ਸੀ ਇਸ ਵਾਰ ਜੀਰੋ ਸ੍ਟਬਲ ਬਰਨਿੰਗ ਦੇ ਟੀਚੇ ਨੂੰ ਪੂਰਾ ਕਰਨ ਲਈ ਸਾਰੀ ਟੀਮ ਪੂਰੀ ਤਨਦੇਹੀ ਨਾਲ ਕੰਮ ਕਰਨ, ਤਾਂ ਹੀ ਵਾਤਾਵਰਨ ਨੂੰ ਗੰਧਲਾ ਹੋਣ ਤੋ ਬਚਾਇਆ ਜਾ ਸਕਦਾ। ਉਨ੍ਹਾਂ ਕਿਸਾਨਾਂ ਨੂੰ ਵੀ ਇਸ ਨੇਕ ਕਾਰਜ਼ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ।ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਅੰਕੜਿਆਂ ਅਨੁਸਾਰ ਜਿਹੜੇ ਪਿੰਡਾਂ ਵਿੱਚ ਪਿਛਲੇ ਸਾਲ ਪਰਾਲੀ ਸਾੜਨ ਦੀਆਂ ਸਭ ਤੋਂ ਵੱਧ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ, ਉਨਾਂ ਪਿੰਡਾਂ ਦੇ ਕਿਸਾਨਾਂ ਨਾਲ ਪ੍ਰਸ਼ਾਸਨ ਵੱਲੋਂ ਰਾਬਤਾ ਕਾਇਮ ਕਰਕੇ ਮੀਟਿੰਗਾਂ ਕੀਤੀਆਂ ਗਈਆਂ ਹਨ, ਤਾਂ ਕਿ ਉਹਨਾਂ ਕਿਸਾਨਾਂ ਦੀ ਸੋਚ ਵਿੱਚ ਪਰਿਵਰਤਨ ਲਿਆ ਕੇ ਸਟੱਬਲ ਬਰਨਿੰਗ ਦੇ ਕੇਸਾਂ ਨੂੰ ਜ਼ੀਰੋ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਦੀ ਬਜਾਏ ਉਸਦਾ ਸੁਚੱਜਾ ਪ੍ਰਬੰਧਨ ਕਰਨ ਲਈ ਜਿਲ੍ਹੇ ਵਿੱਚ ਲੋੜੀਂਦੀ ਮਸ਼ੀਨਰੀ ਉਪਲਬਧ ਹੈ। ਖ਼ੇਤੀਬਾੜੀ ਵਿਭਾਗ ਵੱਲੋਂ ਪਿੰਡਾਂ ਵਿੱਚ ਇਸ ਸੰਬੰਧ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਜਿਸ ਵਿਚ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਦੱਸਿਆ ਜਾ ਰਿਹਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਭਰੋਸਾ ਦਿੱਤਾ ਕਿ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਈ ਜਾਵੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ