ਪਟਿਆਲਾ, 5 ਅਕਤੂਬਰ (ਹਿੰ. ਸ.)। ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਵਿਖੇ ਨੂੰ ਚੱਲ ਰਹੇ ਅੰਤਰ ਕਾਲਜ ਯੋਗਾ ਮੁਕਾਬਲੇ ਬੜੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਏ। ਜਿੱਥੇ ਇਹਨਾਂ ਮੁਕਾਬਲਿਆਂ ਦੌਰਾਨ ਕਾਲਜ ਦੀ ਪ੍ਰਿੰਸੀਪਲ ਨਿਸ਼ਠਾ ਤ੍ਰਿਪਾਠੀ ਨੇ ਯੂਨੀਵਰਸਿਟੀ ਤੋਂ ਆਏ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਉੱਥੇ, ਉਹਨਾਂ ਨੇ ਭਾਗ ਲੈਣ ਆਏ ਖਿਡਾਰੀਆਂ ਦੀ ਤਾਰੀਫ਼ ਵੀ ਕੀਤੀ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਵੀ ਕੀਤਾ। ਇਹਨਾਂ ਅੰਤਰ ਕਾਲਜ ਯੋਗਾ ਮੁਕਾਬਲਿਆਂ ਦੇ ਅਖੀਰ ਵਿੱਚ ਇਨਾਮ ਤਕਸੀਮ ਕਰਨ ਦੀ ਭੂਮਿਕਾ ਡਾ. ਗੁਰਦੀਪ ਕੌਰ ਰੰਧਾਵਾ, ਡਾਇਰੈਕਟਰ ਸਪੋਰਟਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕੀਤੀ। ਡਾ. ਰੰਧਾਵਾ ਨੇ ਆਪਣੇ ਭਾਸ਼ਣ ਦੌਰਾਨ ਅੱਜ ਦੇ ਸਮੇਂ ਵਿੱਚ ਯੋਗਾ ਦੇ ਮਹੱਤਵ ਬਾਰੇ, ਆਪਣੀ ਦਿਨ ਚਰਿਆ ਬਾਰੇ ਅਤੇ ਆਪਣੀ ਖਾਣ ਪੀਣ ਦੀਆਂ ਆਦਤਾਂ ਨੂੰ ਸੁਧਾਰਨ ਲਈ ਬੜੇ ਵਧੀਆ ਢੰਗ ਨਾਲ ਬੱਚਿਆਂ ਨੂੰ ਜਾਗਰੂਕ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਬੱਚਿਆਂ ਨੂੰ ਖੇਡਾਂ ਦੇ ਨਾਲ ਨਾਲ ਆਪਣੀ ਸਿਹਤ ਉਪਰ ਵੀ ਧਿਆਨ ਦੇਣ ਲਈ ਪ੍ਰੋਤਸ਼ਾਹਿਤ ਕੀਤਾ। ਲੜਕੀਆਂ ਦੇ ਦੂਜੇ ਦਿਨ ਦੇ ਮੁਕਾਬਲਿਆਂ ਵਿੱਚ ਕੁੜੀਆਂ ਟੀਮ ਵਿੱਚੋਂ ਪਹਿਲਾ ਸਥਾਨ ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਨੇ ਹਾਸਲ ਕੀਤਾ। ਜਦਕਿ ਦੂਜਾ ਸਥਾਨ ਐਸ.ਜੀ.ਟੀ.ਬੀ ਕਾਲਜ, ਸ਼੍ਰੀ ਅਨੰਦਪੁਰ ਸਾਹਿਬ ਤੇ ਤੀਜਾ ਸਥਾਨ ਅਕਾਲ ਡਿਗਰੀ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ, ਮਸਤੂਆਣਾ ਸਾਹਿਬ ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਬੈਸਟ ਯੋਗਿਨੀ ਦਾ ਇਨਾਮ ਕਾਲਜ ਦੀ ਪੀ.ਜੀ. ਯੋਗਾ ਵਿਭਾਗ ਦੀ ਵਿਦਿਆਰਥਣ ਬੁਲਬੁਲ ਨੇ ਪ੍ਰਾਪਤ ਕੀਤਾ। ਇਸ ਮੌਕੇ ਯੋਗਾ ਵਿਭਾਗ ਦੇ ਮੁਖੀ ਪ੍ਰੋ. ਪਰਮਵੀਰ ਸਿੰਘ ਨੇ ਆਏ ਮੁੱਖ ਮਹਿਮਾਨ, ਪ੍ਰਿੰਸੀਪਲ, ਪ੍ਰੋਫੈਸਰ ਸਾਹਿਬਾਨਾਂ ਅਤੇ ਬਾਹਰੋਂ ਆਏ ਟੀਮ ਇੰਚਾਰਜਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਕਾਲਜ ਦੇ ਮੈਂਬਰਾਂ ਵਿੱਚੋਂ ਡਾ. ਅੰਮ੍ਰਿਤ ਸਮਰਾ, ਪ੍ਰੋ. ਲਵਲੀਨ ਪਰਮਾਰ, ਪ੍ਰੋ. ਗੁਰਪ੍ਰੀਤ ਕੌਰ, ਡਾ. ਹਰਮਨਪ੍ਰੀਤ ਸਿੰਘ, ਡਾ. ਲਖਵਿੰਦਰ ਸ਼ਰਮਾ, ਪ੍ਰੋ. ਹਰਜਿੰਦਰ ਸਿੰਘ ਅਤੇ ਯੋਗਾ ਇੰਸਟਰਕਟਰ ਸ਼੍ਰੀ ਮੱਖਣ ਆਦਿ ਹਾਜ਼ਰ ਰਹੇ । ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪ੍ਰੋ. ਮੁਹੰਮਦ ਸੁਹੇਲ ਨੇ ਨਿਭਾਈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ