ਚੰਡੀਗੜ੍ਹ, 5 ਅਕਤੂਬਰ (ਹਿੰ. ਸ.)। ਸ੍ਰੀ ਗੁਰੁ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਪਾਤਸ਼ਾਹੀ ਦਸਵੀਂ, ਸੈਕਟਰ 8-ਸੀ, ਚੰਡੀਗੜ੍ਹ ਵੱਲੋਂ ਸਜਾਇਆ ਗਿਆ। ਨਗਰ ਕੀਰਤਨ ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨਾਂ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਅਤੇ ਗੁਰੂ ਪਿਆਰੀ ਸੰਗਤ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਤੇ ਮਾਨਯੋਗ ਸਾਂਸਦ ਮਨੀਸ਼ ਤਿਵਾਰੀ (ਚੰਡੀਗੜ੍ਹ), ਰਾਜ ਸਭਾ ਸਾਂਸਦ ਸਤਨਾਮ ਸਿੰਘ ਸੱਧੂ, ਅਤੇ ਚੰਡੀਗੜ੍ਹ ਕਾਂਗਰਸ ਪ੍ਰਧਾਨ ਐਚ. ਐਸ. ਲੱਕੀ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਅਤੇ ਸੰਗਤ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ। ਸੁਖਜਿੰਦਰ ਸਿੰਘ ਬਹਿਲ, ਪ੍ਰਧਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ, ਨੇ ਦੱਸਿਆ ਕਿ ਗੁਰੂ ਸਾਹਿਬ ਦੀ ਮੇਹਰ ਸਦਕਾ ਅਤੇ ਸੰਗਤ ਦੇ ਸਹਿਯੋਗ ਨਾਲ ਇਹ ਨਗਰ ਕੀਰਤਨ ਸ਼ਰਧਾ ਅਤੇ ਆਸਥਾ ਨਾਲ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਲਕੀ ਸਾਹਿਬ ਨੂੰ ਫੁੱਲਾਂ ਨਾਲ ਸੁੰਦਰ ਢੰਗ ਨਾਲ ਸਜਾਇਆ ਗਿਆ ਸੀ, ਜਿਸ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਇਸਤਰੀ ਸਤਿਸੰਗ ਵਾਲੀਆਂ ਬੀਬੀਆਂ, ਰਾਗੀ ਜਥਿਆਂ ਅਤੇ ਸਕੂਲਾਂ ਦੇ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ। ਗਤਕਾ ਪਾਰਟੀਆਂ ਵੱਲੋਂ ਗਤਕੇ ਦੇ ਜੌਹਰ ਦਿਖਾ ਕੇ ਸਾਰੇ ਮਾਹੌਲ ਨੂੰ ਚੜਦੀ ਕਲਾ ਨਾਲ ਭਰਿਆ ਗਿਆ। ਨਗਰ ਕੀਰਤਨ ਦਾ ਵਿਸ਼ੇਸ਼ ਆਕਰਸ਼ਣ ਵਿੰਟੇਜ ਕਾਰ ਪ੍ਰਦਰਸ਼ਨ ਅਤੇ ਫੁੱਲਾਂ ਦੀ ਵਰਖਾ ਕਰਨ ਵਾਲੀ ਮਸ਼ੀਨ ਰਿਹਾ।ਨਗਰ ਕੀਰਤਨ ਗੁਰਦੁਆਰਾ ਪਾਤਸ਼ਾਹੀ ਦਸਵੀਂ, ਸੈਕਟਰ 8-ਸੀ, ਚੰਡੀਗੜ੍ਹ ਤੋਂ ਅਰੰਭ ਹੋਇਆ ਅਤੇ ਸੈਕਟਰ 9 ਮਾਰਕੀਟ, ਸੈਕਟਰ 10 ਮਾਰਕੀਟ, ਸੈਕਟਰ 11 ਮਾਰਕੀਟ ਤੋਂ ਹੁੰਦਾ ਹੋਇਆ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ ਇੱਕ ਤੋਂ ਗੇਟ ਨੰਬਰ ਦੋ ਰਾਹੀਂ ਸੈਕਟਰ 15, 16, 23 ਅਤੇ ਸੈਕਟਰ 22 ਦੀ ਮਾਰਕੀਟ ਵਿੱਚੋਂ ਲੰਘਦਾ ਹੋਇਆ ਸੈਕਟਰ 22 ਦੇ ਗੁਰਦੁਆਰਾ ਸਾਹਿਬ ਵਿੱਚ ਸੰਪੂਰਨ ਹੋਇਆ। ਜਿਸ ਸੈਕਟਰ ਵਿੱਚੋਂ ਵੀ ਨਗਰ ਕੀਰਤਨ ਲੰਘਿਆ, ਉਥੇ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਲੰਗਰਾਂ ਦੀ ਅਤੁੱਟ ਵਰਤੋਂ ਕੀਤੀ ਗਈ, ਜਿਸ ਵਿੱਚ ਤਾਜ਼ੇ ਫਲ, ਡਰਾਈ ਫਰੂਟ, ਬਰੈਡ ਪਕੌੜੇ ਆਦਿ ਸ਼ਾਮਲ ਸਨ। ਪੂਰੇ ਨਗਰ ਕੀਰਤਨ ਦੌਰਾਨ ਗੁਰੂ ਸ਼ਬਦ ਦੇ ਜਾਪ ਨਾਲ ਚੰਡੀਗੜ੍ਹ ਦਾ ਮਾਹੌਲ ਪੂਰੀ ਤਰ੍ਹਾਂ ਗੁਰਮਈ ਬਣਿਆ ਰਿਹਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ