ਬਰਨਾਲਾ, 5 ਅਕਤੂਬਰ (ਹਿੰ. ਸ.)। ਜ਼ਿਲ੍ਹਾ ਬਰਨਾਲਾ ਦੇ ਪਿੰਡ ਸ਼ਹਿਣਾ ਦੇ ਸਾਬਕਾ ਸਰਪੰਚ ਮਲਕੀਤ ਕੌਰ ਦੇ ਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਦੇ ਮਾਮਲੇ ਵਿਚ ਪੁਲਿਸ ਵਲੋਂ ਮੁੱਖ ਮੁਲਜ਼ਮ ਸਮੇਤ 3 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਸ ਸੰਬੰਧੀ ਬਰਨਾਲਾ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਡੀ.ਆਈ.ਜੀ. ਪਟਿਆਲਾ ਰੇਂਜ ਕੁਲਦੀਪ ਸਿੰਘ ਚਹਿਲ ਨੇ ਦੱਸਿਆ ਕਿ ਥਾਣਾ ਸ਼ਹਿਣਾ ਵਿਖੇ ਮ੍ਰਿਤਕ ਸੁਖਵਿੰਦਰ ਸਿੰਘ ਕਲਕੱਤਾ ਦੇ ਭਰਾ ਸੁਖਜੀਤ ਸਿੰਘ ਧਾਲੀਵਾਲ ਦੇ ਬਿਆਨਾਂ ਦੇ ਅਧਾਰ 'ਤੇ ਹਰਜਿੰਦਰ ਸਿੰਘ ਉਰਫ਼ ਜਿੰਦਰ ਪੁੱਤਰ ਬਹਾਦਰ ਸਿੰਘ ਵਾਸੀ ਸ਼ਹਿਣਾ ਅਤੇ ਗੁਰਦੀਪ ਦਾਸ ਉਰਫ਼ ਦੀਪੀ ਬਾਬਾ ਪੁੱਤਰ ਬਲਵੰਤ ਦਾਸ ਵਾਸੀ ਸ਼ਹਿਣਾ ਕਲੱਬ ਮੁਕਦਮਾ ਦਰਜ ਕੀਤਾ ਗਿਆ ਸੀ। ਜ਼ਿਲ੍ਹਾ ਬਰਨਾਲਾ ਪੁਲਿਸ ਵਲੋਂ ਉਕਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਤਕਨੀਕੀ ਅਤੇ ਫੋਰੈਂਸਿਕ ਮਾਹਰਾਂ ਸਮੇਤ ਵੱਖ-ਵੱਖ ਟੀਮਾਂ ਬਣਾ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਸੀ। ਪੁਲਿਸ ਵਲੋਂ ਹਰਜਿੰਦਰ ਸਿੰਘ ਤੇ ਗੁਰਦੀਪ ਦਾਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰਜਿੰਦਰ ਸਿੰਘ ਵਲੋਂ ਵਾਰਦਾਤ ਵਿਚ ਵਰਤਿਆ ਗਿਆ ਨਾਜਾਇਜ਼ ਪਿਸਟਲ 30 ਬੋਰ ਅਤੇ ਇਕ ਆਈ-20 ਕਾਰ ਵੀ ਬਰਾਮਦ ਕੀਤੀ ਗਈ ਹੈ। ਡੀ.ਆਈ.ਜੀ. ਚਹਿਲ ਨੇ ਦੱਸਿਆ ਕਿ ਮੁੱਢਲੀ ਤਫਤੀਸ਼ ਵਿਚ ਸਾਹਮਣੇ ਆਇਆ ਹੈ ਕਿ ਹਰਜਿੰਦਰ ਸਿੰਘ ਪਿਛਲੇ ਕੁਝ ਸਮੇਂ ਤੋਂ ਮ੍ਰਿਤਕ ਸੁਖਵਿੰਦਰ ਸਿੰਘ ਕਲਕੱਤਾ ਪਾਸੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ। ਮ੍ਰਿਤਕ ਵਲੋਂ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ ਗਿਆ ਸੀ। ਇਹ ਵੀ ਸਾਹਮਣੇ ਆਇਆ ਹੈ ਕਿ ਹਰਜਿੰਦਰ ਸਿੰਘ ਨੂੰ ਪੈਸਿਆਂ ਦੀ ਲੋੜ ਰਹਿੰਦੀ ਸੀ। ਹਰਜਿੰਦਰ ਸਿੰਘ ਵਲੋਂ ਵਾਰਦਾਤ ਤੋਂ ਬਾਅਦ ਸੋਸ਼ਲ ਮੀਡੀਆ ਉੱਪਰ ਲਾਈਵ ਹੋ ਕੇ ਪਾਈ ਗਈ ਇਕ ਵੀਡੀਓ ਤੋਂ ਵੀ ਇਸ ਗੱਲ ਦੀ ਪੁਸ਼ਟੀ ਹੋਈ ਹੈ। ਹਰਜਿੰਦਰ ਸਿੰਘ ਵਲੋਂ ਵਾਰਦਾਤ ਤੋਂ ਬਾਅਦ ਆਪਣਾ ਮੋਬਾਈਲ ਫ਼ੋਨ ਕਿਸੇ ਅਣਪਛਾਤੀ ਜਗ੍ਹਾ ਉੱਪਰ ਸੁੱਟ ਦਿੱਤਾ ਗਿਆ ਸੀ ਜਿਸ ਨੂੰ ਬਰਾਮਦ ਕਰਵਾਉਣਾ ਬਾਕੀ ਹੈ। ਉਕਤ ਵਾਰਦਾਤ ਵਿਚ ਗੁਰਦੇਵ ਦਾਸ ਉਰਫ਼ ਦੀਪੀ ਬਾਬਾ ਦੀ ਭੂਮਿਕਾ ਸੰਬੰਧੀ ਵੀ ਡੁੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਜਗਵਿੰਦਰ ਸਿੰਘ ਉਰਫ਼ ਪਪਲੂ ਪੁੱਤਰ ਰਣਜੀਤ ਸਿੰਘ ਵਾਸੀ ਸ਼ਹਿਣਾ ਨੂੰ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ