ਸੰਗਰੂਰ, 6 ਅਕਤੂਬਰ (ਹਿੰ. ਸ.)। ਸੋਹਣ ਸਿੰਘ, ਪਿੰਡ ਰਾਮਪੁਰਾ ਗੁੱਜਰਾਂ, ਬਲਾਕ ਅਨਦਾਨਾ, ਜ਼ਿਲ੍ਹਾ ਸੰਗਰੂਰ ਦਾ ਉਹ ਅਗਾਂਹਵਧੂ ਕਿਸਾਨ ਹੈ, ਜਿਸ ਨੂੰ “ਕੌਮੀ ਖੁੰਬ ਉਤਪਾਦਕ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਅਵਾਰਡ ਉਸ ਵੱਲੋਂ ਖੁੰਬਾਂ ਦੀ ਕਾਸ਼ਤ ਵਿੱਚ ਦਿਖਾਏ ਗਏ ਨਿਵੇਕਲੇ ਉੱਦਮ ਅਤੇ ਸਫਲਤਾ ਪ੍ਰਾਪਤ ਕਰਨ ਉਤੇ ਭਾਰਤੀ ਖੇਤੀ ਖੋਜ ਪਰਿਸ਼ਦ, ਖੁੰਬ ਖੋਜ ਕੇਂਦਰ, ਸੋਲਨ ਵੱਲੋਂ ਨੈਸ਼ਨਲ ਖੁੰਬ ਮੇਲੇ ਦੌਰਾਨ ਦਿੱਤਾ ਗਿਆ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੇ ਇੰਚਾਰਜ ਡਾ. ਮਨਦੀਪ ਸਿੰਘ ਨੇ ਉਸ ਨੂੰ ਇਸ ਸਨਮਾਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਕਿਹਾ ਕਿ ਖੁੰਬਾਂ ਦੀ ਕਾਸ਼ਤ ਕਰਕੇ ਸਵੈ-ਨਿਰਭਰ ਬਣਨ ਦੇ ਨਾਲ ਇਹ ਨੌਜਵਾਨ ਜ਼ਿਲ੍ਹੇ ਦੇ ਹੋਰਨਾਂ ਨੌਜਵਾਨਾਂ ਲਈ ਚਾਨਣ ਮੁਨਾਰਾ ਬਣ ਰਿਹਾ ਹੈ।
ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਕਿਸਾਨ ਆਪਣੀ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰਨ ਉਪਰੰਤ ਪੀਏਯੂ, ਲੁਧਿਆਣਾ ਅਤੇ ਖੁੰਬ ਖੋਜ ਕੇਂਦਰ, ਸੋਲਨ ਤੋਂ ਸਿਖਲਾਈ ਪ੍ਰਾਪਤ ਕਰਕੇ ਖੁੰਬਾਂ ਦੀ ਕਾਸ਼ਤ ਦੇ ਕਿੱਤੇ ਵੱਲ ਸਾਲ 2018 ਵਿੱਚ ਇੱਕ ਸ਼ੈਡ ਤੋਂ ਖੁੰਬਾਂ ਦੀ ਕਾਸ਼ਤ ਦਾ ਕੰਮ ਸ਼ੁਰੂ ਕਰਕੇ ਹੁਣ ਹਰ ਸਾਲ 15 ਤੋਂ 20 ਸ਼ੈੱਡਾਂ ਤੱਕ ਖੁੰਬ ਉਤਪਾਦਨ ਕਰ ਰਿਹਾ ਹੈ। ਇਸ ਤਰ੍ਹਾਂ ਉਹ ਲਗਭਗ 1000 ਕੁਇੰਟਲ ਖੁੰਬ ਉਤਪਾਦਨ ਹਰ ਸਾਲ ਆਪਣੇ ਫਾਰਮ (ਢਿੱਲੋਂ ਮਸ਼ਰੂਮ ਫਾਰਮ) ਉਤੇ ਪੈਦਾ ਕਰ ਰਹੇ ਹਨ।
ਕਿਸਾਨ ਸੋਹਣ ਸਿੰਘ ਖੁੰਬਾਂ ਦੀ ਕਾਸ਼ਤ ਦੌਰਾਨ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਖੁੰਬ ਖੋਜ ਕੇਂਦਰ, ਸੋਲਨ ਦੇ ਸੰਪਰਕ ਵਿੱਚ ਰਹਿੰਦਾ ਹੈ। ਉਹਨਾਂ ਨੇ ਆਪਣੇ ਫਾਰਮ ਉੱਪਰ ਮੌਸਮੀ ਤੇ ਬੇਮੌਸਮੀ ਖੁੰਬਾਂ ਦੀ ਕਾਸ਼ਤ ਲਈ 25-30 ਲੋਕਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ। ਸਾਰਾ ਸਾਲ ਖੁੰਬ ਉਤਪਾਦਨ ਕਰਨ ਲਈ ਗਰਮੀ ਰੁੱਤ ਵਿੱਚ ਇਹ ਚਾਰ ਏਸੀ ਕਮਰਿਆਂ ਵਿੱਚ (3000 ਬੈਗ ਪ੍ਰਤੀ ਕਮਰਾ) ਬਟਨ ਖੁੰਬ ਦੀ ਕਾਸ਼ਤ ਕਰਦੇ ਹਨ। ਆਪਣੇ ਫਾਰਮ ਉਤੇ ਖੁੰਬਾਂ ਦੀ ਕਾਸ਼ਤ ਲਈ ਵਧੀਆ ਕੁਆਲਿਟੀ ਦੀ ਕੰਪੋਸਟ ਉਹ ਆਪਣੇ ਫਾਰਮ ਉਤੇ ਹੀ ਲਗਾਏ ਕੰਪੋਸਟ ਤਿਆਰ ਕਰਨ ਵਾਲੇ ਯੂਨਿਟ ਵਿੱਚ ਕਰਦੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ