ਤਿੰਨ ਸਾਲਾਂ ਵਿੱਚ ਲਏ ਕਰਜ਼ ’ਤੇ ਵ੍ਹਾਈਟ ਪੇਪਰ ਜਾਰੀ ਕਰੇ ਪੰਜਾਬ ਸਰਕਾਰ : ਅਰਵਿੰਦ ਖੰਨਾ
ਬੈਕ ਡੋਰ ਤੋਂ ਲਏ ਜਾ ਰਹੇ 5093 ਕਰੋੜ ਦੇ ਕਰਜ਼ ’ਤੇ ਪੰਜਾਬ ਦੇ ਲੋਕਾਂ ਨੂੰ ਦੇਵੇ ਜਵਾਬ
ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ


ਚੰਡੀਗੜ੍ਹ 6 ਅਕਤੂਬਰ (ਹਿੰ.ਸ.)। ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਕਰਜ਼ੇ ਦੇ ਮੁੱਦੇ 'ਤੇ ਘੇਰਦੇ ਹੋਏ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਹੈ। ਸੋਮਵਾਰ ਨੂੰ ਅਰਵਿੰਦ ਖੰਨਾ ਨੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਚੁੱਪ ਚਪੀਤੇ ਗੁਪਤ ਰੂਪ ਵਿੱਚ ਅਗਲੇ ਤਿੰਨ ਮਹੀਨਿਆਂ ਦੇ ਅੰਦਰ 5,093 ਕਰੋੜ ਰੁਪਏ ਦਾ ਕਰਜ਼ ਲੈਣ ਜਾ ਰਹੀ ਹੈ। ਇਸ ਲਈ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ।

ਖੰਨਾ ਨੇ ਕਿਹਾ ਕਿ ਅੱਜ ਪੰਜਾਬ ਦੀ ਵਿੱਤੀ ਸਥਿਤੀ ਇੰਨੀ ਵਿਗੜ ਗਈ ਹੈ ਕਿ ਸਰਕਾਰ ਪੁਰਾਣਾ ਕਰਜ਼ ਚੁਕਾਉਣ ਲਈ ਨਵੇਂ ਕਰਜ਼ੇ ਲੈ ਰਹੀ ਹੈ ਅਤੇ ਸਰਕਾਰੀ ਜਾਇਦਾਦਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ। ਭਾਰਤੀ ਜਨਤਾ ਪਾਰਟੀ, ਪੰਜਾਬ ਸਰਕਾਰ ਦੇ ਇਸ ਇਰਾਦੇ ਨੂੰ ਕਿਸੇ ਵੀ ਹਾਲਤ ਵਿੱਚ ਸਫਲ ਨਾ ਹੋਣ ਦੇਵੇਗੀ। ਖੰਨਾ ਨੇ ਕਿਹਾ ਕਿ 5,093 ਕਰੋੜ ਰੁਪਏ ਦੀ ਰਕਮ ਰਾਜ ਪ੍ਰਤੀਭੂਤੀਆਂ ਦੀ ਵਿਕਰੀ ਰਾਹੀਂ ਖੁੱਲ੍ਹੇ ਬਾਜ਼ਾਰ ਤੋਂ ਇਕੱਠੇ ਕੀਤੇ ਜਾਣਗੇ। ਰਾਜ ਸਰਕਾਰ ਦੇ ਉਧਾਰ ਕੈਲੰਡਰ ਦੇ ਅਨੁਸਾਰ ਅਕਤੂਬਰ ਵਿੱਚ ਦੋ ਕਿਸ਼ਤਾਂ ਵਿੱਚ 1,500 ਕਰੋੜ, ਨਵੰਬਰ ਵਿੱਚ 1,500 ਕਰੋੜ ਅਤੇ ਦਸੰਬਰ ਵਿੱਚ 2093 ਕਰੋੜ ਉਧਾਰ ਲਏ ਜਾਣਗੇ।

ਇਨ੍ਹਾਂ ਨਵੇਂ ਕਰਜ਼ਿਆਂ ਨਾਲ ਅਪ੍ਰੈਲ ਤੋਂ ਦਸੰਬਰ ਤੱਕ ਸੂਬਾ ਸਰਕਾਰ ਦਾ ਉਧਾਰ 23,000 ਕਰੋੜ ਰੁਪਏ ਤੱਕ ਪਹੁੰਚਣ ਦਾ ਅਨੁਮਾਨ ਹੈ। ਸੂਬਾ ਸਰਕਾਰ ਨੇ ਅਪ੍ਰੈਲ ਤੋਂ ਅਗਸਤ ਤੱਕ 13,326 ਕਰੋੜ ਰੁਪਏ ਇਕੱਠੇ ਕੀਤੇ ਸਨ ਅਤੇ ਪਿਛਲੇ ਮਹੀਨੇ 4,000 ਕਰੋੜ ਰੁਪਏ ਵਾਧੂ ਉਧਾਰ ਲਏ ਗਏ ਸਨ। ਜੇਕਰ ਹਾਲਾਤ ਇਸੇ ਤਰ੍ਹਾਂ ਬਣੇ ਰਹੇ ਤਾਂ ਮਾਰਚ 2026 ਤੱਕ ਕਰਜ਼ਾ 4.17 ਲੱਖ ਕਰੋੜ ਰੁਪਏ ਤੱਕ ਪਹੁੰਚ ਜਾਵੇਗਾ। ਪੰਜਾਬ ਵਿੱਚ ਸਥਿਤੀ ਅਜਿਹੀ ਹੈ ਕਿ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਮਿਲ ਰਹੀਆਂ ਹਨ। ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੀ ਕਾਂਗਰਸ ਸਰਕਾਰ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕਰਜ਼ ਦੇ ਸਹਾਰੇ ਸਰਕਾਰ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਬਿਨਾਂ ਕਿਸੇ ਦੇਰੀ ਦੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਪਿਛਲੇ ਤਿੰਨ ਸਾਲਾਂ ਦੌਰਾਨ ਚੁੱਕੇ ਕਰਜ਼ੇ ’ਤੇ ਵ੍ਹਾਈਟ ਪੇਪਰ ਜਾਰੀ ਕਰਨ। ਪੰਜਾਬ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਦੂਜੀਆਂ ਰਾਜਨੀਤਿਕ ਪਾਰਟੀਆਂ ਨੂੰ ਕਰਜ਼ ਦੇ ਮੁੱਦੇ 'ਤੇ ਘੇਰਨ ਵਾਲੀ ਪੰਜਾਬ ਸਰਕਾਰ ਅੱਜ ਪੰਜਾਬ ਦੇ ਲੋਕਾਂ ਨੂੰ ਤਿੰਨ ਸਾਲਾਂ ਵਿੱਚ ਲਏ ਗਏ ਕਰਜ਼ੇ ਬਾਰੇ ਵ੍ਹਾਈਟ ਪੇਪਰ ਜਾਰੀ ਕਰਕੇ ਸੱਚਾਈ ਤੋਂ ਜਾਣੂ ਕਰਵਾਏ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande