ਚੰਡੀਗੜ੍ਹ, 6 ਅਕਤੂਬਰ (ਹਿੰ. ਸ.)। ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀ 21-ਤਰਨ ਤਾਰਨ ਵਿਧਾਨ ਸਭਾ ਸੀਟ ਲਈ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸਦੇ ਨਾਲ ਹੀ ਤਰਨ ਤਾਰਨ ਜ਼ਿਲ੍ਹੇ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜ਼ਿਮਨੀ ਚੋਣ ਲਈ ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ 13 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 21 ਅਕਤੂਬਰ ਹੋਵੇਗੀ ਅਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 22 ਅਕਤੂਬਰ ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਿਸ ਲੈਣ ਦੀ ਅੰਤਿਮ ਮਿਤੀ 24 ਅਕਤੂਬਰ 2025 ਹੈ।
ਸਿਬਿਨ ਸੀ ਨੇ ਦੱਸਿਆ ਕਿ 11 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ 14 ਨਵੰਬਰ 2025 ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਨਾਮਜ਼ਦਗੀ ਪੱਤਰ 13 ਅਕਤੂਬਰ ਤੋਂ ਲੈ ਕੇ 21 ਅਕਤੂਬਰ ਤੱਕ ਕਿਸੇ ਵੀ ਕੰਮਕਾਰ ਵਾਲੇ ਦਿਨ ਭਰੇ ਜਾ ਸਕਣਗੇ। ਸਿਰਫ 19 ਅਕਤੂਬਰ ਐਤਵਾਰ ਅਤੇ 20 ਅਕਤੂਬਰ ਦੀਵਾਲੀ ਨੂੰ ਛੁੱਟੀ ਵਾਲੇ ਦਿਨ ਪੱਤਰ ਦਾਖਿਲ ਨਹੀਂ ਕੀਤੇ ਜਾ ਸਕਣਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ