ਐੱਸ.ਏ.ਐੱਸ. ਨਗਰ, 6 ਅਕਤੂਬਰ (ਹਿੰ. ਸ.)।
ਵਾਤਾਵਰਣ ਨਿਗਰਾਨੀ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਵਧਾਉਣ ਵੱਲ ਇੱਕ ਮਹੱਤਵਪੂਰਣ ਕਦਮ ਚੁੱਕਦੇ ਹੋਏ, ਐੱਸ.ਏ.ਐੱਸ. ਨਗਰ (ਮੋਹਾਲੀ) ਵਿੱਚ 'ਸਟਬਲ ਬਰਨਿੰਗ ਕੰਟਰੋਲ ਰੂਮ ਡੈਸ਼ਬੋਰਡ' (ਵੈੱਬ + ਮੋਬਾਈਲ + ਡੈਸਕਟਾਪ) ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਪਹਿਲਕਦਮੀ ਨੂੰ ਡਿਪਟੀ ਕਮਿਸ਼ਨਰ ਐੱਸ.ਏ.ਐੱਸ. ਨਗਰ (ਮੋਹਾਲੀ) ਕੋਮਲ ਮਿੱਤਲ ਵੱਲੋਂ ਵੀ ਸਲਾਹਿਆ ਗਿਆ ਹੈ।
ਇਹ ਨਵੀਂ ਤਕਨੀਕ ਸਰਿਤਾ, ਜ਼ਿਲ੍ਹਾ ਸੂਚਨਾ ਅਧਿਕਾਰੀ (ਡੀ.ਆਈ.ਓ.), ਮੋਹਾਲੀ ਅਤੇ ਅਕਸ਼ੇ ਕੁਮਾਰ, ਡੀ.ਆਈ.ਓ., ਸੰਗਰੂਰ ਵੱਲੋਂ ਫਲਟਰ (ਡਾਰਟ) ਤਕਨੀਕ ਦੀ ਵਰਤੋਂ ਕਰਕੇ ਤਿਆਰ ਕੀਤੀ ਗਈ ਹੈ। ਇਹ ਡੈਸ਼ਬੋਰਡ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਪ੍ਰਭਾਵਸ਼ਾਲੀ ਨਿਗਰਾਨੀ ਅਤੇ ਪ੍ਰਬੰਧਨ ਵਿੱਚ ਸਹਾਇਤਾ ਕਰੇਗਾ। ਇਹ ਕੇਂਦਰੀਕ੍ਰਿਤ ਕੰਟਰੋਲ ਇੰਟਰਫੇਸ ਵਜੋਂ ਕੰਮ ਕਰਦਾ ਹੈ, ਜੋ ਕਿ ਗੂਗਲ ਸ਼ੀਟਸ ਸਮੇਤ ਕਈ ਸਰੋਤਾਂ ਤੋਂ ਮਿਲ ਰਹੇ 'ਰੀਅਲ ਟਾਈਮ ਡਾਟਾ' ਨੂੰ ਇੱਕ ਸੰਗਠਿਤ, ਆਪਸੀ ਤਾਲਮੇਲ ਅਤੇ ਮਿੱਤਰਤਾਪੂਰਨ ਰੂਪ ਵਿੱਚ ਪ੍ਰਦਰਸ਼ਿਤ ਕਰਦਾ ਹੈ।
ਇਸ ਪ੍ਰੋਜੈਕਟ ਦਾ ਮਕਸਦ ਵੱਖ-ਵੱਖ ਵਿਭਾਗਾਂ ਵਿਚਕਾਰ ਤਲੇਮਲ ਨੂੰ ਬੇਹਤਰ ਬਣਾਉਣਾ ਅਤੇ ਪਰਾਲੀ ਸਾੜਨ ਸਬੰਧੀ ਰੋਕਥਾਮ ਅਤੇ ਸੁਧਾਰਕ ਕਾਰਵਾਈ ਲਈ ਸਮੇਂ-ਸਿਰ ਜਾਣਕਾਰੀ ਪ੍ਰਦਾਨ ਕਰਨਾ ਹੈ। ਇਸ ਪ੍ਰਣਾਲੀ ਵਿੱਚ ਖੇਤੀਬਾੜੀ ਵਿਭਾਗ, ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਾਪਤ ਕੀਤੇ ਜਾਣ ਵਾਲੇ ਸੁਝਾਅ ਅਨੁਸਾਰ ਨਿਰੰਤਰ ਸੁਧਾਰ ਕੀਤੇ ਜਾਣਗੇ।
ਇਸ ਪਹਿਲਕਦਮੀ ਨਾਲ ਸੰਬੰਧਤ ਸਰਕਾਰੀ ਅਧਿਕਾਰੀਆਂ ਲਈ ਇੱਕ ਟ੍ਰੇਨਿੰਗ ਸੈਸ਼ਨ ਵੀ ਜ਼ਿਲ੍ਹਾ ਸੂਚਨਾ ਕੇਂਦਰ, ਐੱਸ.ਏ.ਐੱਸ. ਨਗਰ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਨੂੰ ਡੈਸ਼ਬੋਰਡ ਦੀਆਂ ਵਿਸ਼ੇਸ਼ਤਾਵਾਂ ਅਤੇ ਇਸਦੀ ਵਰਤੋਂ ਬਾਰੇ ਜਾਣੂ ਕਰਵਾਇਆ ਗਿਆ। ਪ੍ਰੋਜੈਕਟ ਨੂੰ ਸਫਲਪੂਰਵਕ ਲਾਗੂ ਕਰਨ ਲਈ ਐਨ.ਆਈ.ਸੀ. ਟੀਮ, ਐੱਸ.ਏ.ਐੱਸ. ਨਗਰ (ਮੋਹਾਲੀ) ਵੱਲੋਂ ਪੂਰਾ ਤਕਨੀਕੀ ਸਹਿਯੋਗ ਪ੍ਰਦਾਨ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ