ਨਵਾਂਸ਼ਹਿਰ, 6 ਅਕਤੂਬਰ (ਹਿੰ. ਸ.)। ਭਾਰਤ ਮਿਸ਼ਨ ਅਰਬਨ-2 ਅਧੀਨ ਚੱਲ ਰਹੇ ਪ੍ਰੋਗਰਾਮ ਤਹਿਤ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਹੋਂ ਲੜਕੀਆਂ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪ੍ਰਿੰਸੀਪਲ ਬਲਜਿੰਦਰ ਸਿੰਘ ਦੀ ਅਗਵਾਈ ਹੇਠ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਕਮਿਊਨਿਟੀ ਫੈਸਲੀਟੇਟਰ ਜੋ ਕਿ ਸੇਵਾ ਮੁਕਤੀ ਉਪਰੰਤ ਨਗਰ ਕੌਂਸਲ ਰਾਹੋਂ ਤੋਂ ਨਵਾਂ ਸ਼ਹਿਰ ਦੇ ਨਾਲ ਮਿਲ ਕੇ ਸਵੱਛਤਾ ਹੀ ਸੇਵਾ ਮਿਸ਼ਨ ਚਲਾ ਰਹੇ ਹਨ ਨੇ ਬੱਚਿਆਂ ਨੂੰ ਸੰਬੋਧਨ ਕੀਤਾ। ਜਸਵਿੰਦਰ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਸਵੱਛਤਾ ਪਖਵਾੜਾ ਮਨਾਇਆ ਜਾ ਰਿਹਾ ਹੈ। ਪੰਜਾਬ ਮਿਉਂਸੀਪਲ ਇੰਪਰੂਵਮੈਂਟ ਸਟਰਕਚਰ ਡਿਵੈਲਪਮੈਂਟ ਕੰਪਨੀ ਦੀ ਵਰਕਿੰਗ ਕਮੇਟੀ ਦੇ ਮੈਂਬਰ ਵਜੋਂ ਜਸਵਿੰਦਰ ਸਿੰਘ ਕਮਿਊਨਿਟੀ ਫੈਸਲੀਟੇਟਰ ਨੇ ਰਾਹੋਂ ਸਕੂਲ ਵਿਖੇ ਸਵੇਰ ਦੀ ਸਭਾ ਵਿੱਚ ਬੱਚਿਆਂ ਨੂੰ ਗਿੱਲੇ ਕੂੜੇ ਤੇ ਸੁੱਕੇ ਕੂੜੇ ਦੀ ਸਾਂਭ ਸੰਭਾਲ, ਕੰਪੋਸਟਿੰਗ ਦੇ ਨਾਲ ਡੀ ਕੰਪੋਸਟਿੰਗ ਬਾਰੇ ਬੱਚਿਆਂ ਨੂੰ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਕਿਵੇਂ ਕੂੜੇ ਨੂੰ ਡੰਪ ਦੇ ਰੂਪ ਵਿੱਚ ਸਟੋਰ ਕਰਕੇ ਇਸ ਨੂੰ ਰੀਸਾਈਕਲਿੰਗ ਤਰੀਕੇ ਨਾਲ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸਾਨੂੰ ਆਪਣੇ ਸਰੀਰ ਦੀ ਸਫਾਈ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਤੇ ਫਾਸਟ ਫੂਡ ਛੱਡ ਕੇ ਪੌਸ਼ਟਿਕ ਆਹਾਰ ਲੈਣ ਨੂੰ ਤਰਜੀਹ ਦੇਣੀ ਚਾਹੀਦੀ ਹੈ ।ਸੰਸਥਾ ਦੇ ਮੁਖੀ ਬਲਜਿੰਦਰ ਸਿੰਘ ਨੇ ਉਨਾਂ ਦਾ ਧੰਨਵਾਦ ਕੀਤਾ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ