ਸੰਗਰੂਰ, 6 ਅਕਤੂਬਰ (ਹਿੰ. ਸ.)। ਰਾਹੁਲ ਚਾਬਾ, ਆਈਏਐਸ, ਡਿਪਟੀ ਕਮਿਸ਼ਨਰ, ਸੰਗਰੂਰ ਨੇ ਜਾਣਕਾਰੀ ਦਿੱਤੀ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੀਪੇਰੇਟਰੀ ਇੰਸਟੀਚਿਊਟ, ਮੋਹਾਲੀ ਲਈ ਆਨਲਾਈਨ ਦਾਖਲਾ ਫਾਰਮ 15 ਅਕਤੂਬਰ, 2025 ਤੋਂ ਉਪਲਬਧ ਹੋਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸੰਸਥਾ ਦੀ ਸਥਾਪਨਾ 11ਵੀਂ ਅਤੇ 12ਵੀਂ ਜਮਾਤ ਦੇ ਮੁੰਡਿਆਂ ਨੂੰ ਨੈਸ਼ਨਲ ਡਿਫੈਂਸ ਅਕਾਦਮੀ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਅਤੇ ਸਰਵਿਸਜ਼ ਸਿਲੈਕਸ਼ਨ ਬੋਰਡ ਲਈ ਤਿਆਰ ਕਰਨ ਲਈ ਕੀਤੀ ਹੈ, ਜਿਸ ਵਿੱਚ ਸਿਖਿਆਰਥੀਆਂ ਨੂੰ ਸਿਖਲਾਈ, ਰਿਹਾਇਸ਼, ਵਰਦੀਆਂ ਅਤੇ ਮੈਸ ਦੀ ਸਹੂਲਤ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ। ਵਿਦਿਆਰਥੀਆਂ ਨੂੰ ਸਿਰਫ ਰਿਆਇਤੀ ਸਕੂਲ ਫੀਸ ਹੀ ਅਦਾ ਕਰਨੀ ਪੈਂਦੀ ਹੈ।
ਉਹਨਾਂ ਕਿਹਾ ਕਿ ਹੁਣ ਤੱਕ, ਸੰਸਥਾ ਦੇ 278 ਕੈਡਿਟ ਨੈਸ਼ਨਲ ਡਿਫੈਂਸ ਅਕਾਦਮੀ ਅਤੇ ਸਰਵਿਸ ਅਕੈਡਮੀਆਂ ਵਿੱਚ ਸ਼ਾਮਲ ਹੋਏ ਹਨ, ਜਿਨ੍ਹਾਂ ਵਿੱਚੋਂ 179 ਅਫਸਰ ਵਜੋਂ ਕਮਿਸ਼ਨਡ ਹੋਏ ਹਨ। ਹਾਲ ਹੀ ਵਿੱਚ, ਜੂਨ 2025 ਵਿੱਚ 23 ਕੈਡਿਟ ਸਿਖਲਾਈ ਅਕੈਡਮੀਆਂ ਵਿੱਚ ਸ਼ਾਮਲ ਹੋਏ, ਜੋ ਦੇਸ਼ ਵਿੱਚ ਸਭ ਤੋਂ ਵੱਧ ਸੰਖਿਆ ਵਿੱਚੋਂ ਇੱਕ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸੰਸਥਾ ਦਾ ਲਾਭ ਉਠਾਉਣ ਤਾਂ ਜੋ ਉਨ੍ਹਾਂ ਦੇ ਬੱਚੇ ਦੇਸ਼ ਦੀਆਂ ਸੈਨਿਕ ਸੇਵਾਵਾਂ ਵਿੱਚ ਅਫਸਰ ਵਜੋਂ ਸਥਾਪਿਤ ਹੋ ਸਕਣ। ਉਹਨਾਂ ਕਿਹਾ ਕਿ ਇਸ ਸੰਸਥਾ ਅਤੇ ਦਾਖ਼ਲਾ ਪ੍ਰਕਿਰਿਆ ਬਾਰੇ ਮੁਕੰਮਲ ਜਾਣਕਾਰੀ www.mrsafpi.punjab.gov.in 'ਤੇ ਵੀ ਉਪਲਬਧ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ