ਲੁਧਿਆਣਾ, 6 ਅਕਤੂਬਰ (ਹਿੰ. ਸ.)। ਲੁਧਿਆਣਾ ਦੇ ਸਾਰਸ ਮੇਲਾ 2025 ਦਾ ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਲੁਧਿਆਣਾ ਦੇ ਓਪਨ ਏਅਰ ਥੀਏਟਰ ਵਿੱਚ ਆਯੋਜਿਤ ਕੀਤਾ ਗਿਆ। ਜਿਸ ਵਿੱਚ ਵੱਖ-ਵੱਖ ਰਾਜਾਂ ਦੀਆਂ ਟੀਮਾਂ ਨੇ ਆਪਣੇ-ਆਪਣੇ ਰਾਜ ਦਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਇਸ ਸਮਾਗਮ ਵਿੱਚ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਸੱਭਿਆਚਾਰ ਦਾ ਅਨੰਦ ਮਾਣਿਆ।
ਪੀ.ਏ.ਯੂ ਦੇ ਓਪਨ ਏਅਰ ਥੀਏਟਰ ਵਿੱਚ ਸ਼ਨੀਵਾਰ ਨੂੰ ਰਾਮਗੜ੍ਹੀਆ ਗਰਲਜ ਸਕੂਲ ਲੁਧਿਆਣਾ ਨੇ ਗਿੱਧਾ, ਲੋਕ ਗੀਤ ਅਤੇ ਕਵੀਸ਼ਰੀ, ਹਰਕ੍ਰਿਸ਼ਨ ਸਕੂਲ ਫੱਲੇਵਾਲ ਲੁਧਿਆਣਾ ਨੇ ਗਿੱਧਾ ਅਤੇ ਭੰਗੜਾ, ਦਸਮੇਸ਼ ਸਕੂਲ ਲੁਧਿਆਣਾ ਨੇ ਰਾਜਸਥਾਨੀ ਲੋਕ ਨਾਚ ਅਤੇ ਭੰਗੜਾ, ਸਰਕਾਰੀ ਹਾਈ ਸਕੂਲ ਦਾਦ ਨੇ ਫੋਕ ਡਾਂਸ, ਉਂਤਰ ਪ੍ਰਦੇਸ਼ (ਯੂ.ਪੀ) ਤੋਂ ਆਈ ਟੀਮ ਨੇ ਬਰਸਾਨਾ ਕੀ ਹੋਲੀ ਅਤੇ ਮਯੂਰ ਡਾਂਸ, ਰਾਜਸਥਾਨ ਤੋਂ ਗਾਇਕ ਮੁਰਲੀ ਰਾਜਸਥਾਨੀ ਨੇ ਮਾਣਕ ਦੇ ਲੋਕ ਗੀਤ, ਗੁਜਰਾਤ ਤੋਂ ਆਈ ਟੀਮ ਨੇ ਡਾਂਡੀਆ, ਰਾਜਸਥਾਨੀ ਆਈ ਟੀਮ ਨੇ ਕਾਲ ਬੇਲੀਆਂ, ਹਰਿਆਣਾ ਤੋਂ ਟੀਮ ਨੇ ਘੂਮਰ, ਡਰੈਗਨ ਭੰਗੜਾ ਗਰੁੱਪ ਲੁਧਿਆਣਾ ਨੇ ਭੰਗੜਾ, ਜੰਮੂ ਕਸ਼ਮੀਰ ਤੋਂ ਆਈ ਟੀਮ ਨੇ ਰੌਫ ਡਾਂਸ, ਮਹਾਰਾਸ਼ਟਰ ਤੋਂ ਆਈ ਟੀਮ ਨੇ ਫੌਂਕ ਡਾਂਸ ਕੋਲੀ, ਗਾਇਕ ਅਨਮੋਲ ਦੀਪ, ਗਾਇਕ ਹਰਬੰਸ ਰਸੀਲਾ ਅਤੇ ਪੁਲਿਸ ਸੱਭਿਆਚਾਰਕ ਟਰੂਪ ਪਟਿਆਲਾ ਨੇ ਗੀਤ ਸੰਗੀਤ ਦੀ ਪੇਸ਼ਕਾਰੀ ਦਿੱਤੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਓਪਨ ਏਅਰ ਥੀਏਟਰ ਵਿੱਚ 7 ਅਕਤੂਬਰ ਦਿਨ ਮੰਗਲਵਾਰ ਨੂੰ ਇਸ਼ਮੀਤ ਸਿੰਘ ਇੰਸਟੀਚਿਊਟ ਲੁਧਿਆਣਾ ਵੱਲੋਂ ਪੰਜਾਬ ਚੜ੍ਹਦੀ ਕਲਾ ਤੇ ਕੋਰੀਓਗਰਾਫੀ ਕੀਤੀ ਜਾਵੇਗੀ। ਪੁਲਿਸ ਡੀ.ਏ.ਵੀ ਸਕੂਲ ਲੁਧਿਆਣਾ ਵੱਲੋਂ ਕੱਥਕ ਨਾਂਚ ਅਤੇ ਰਾਜਸਥਾਨੀ ਡਾਂਸ, ਆਰ.ਐਸ ਮਾਡਰਨ ਸਕੂਲ ਲੁਧਿਆਣਾ ਵੱਲੋਂ ਭੰਗੜਾ, ਪੀ.ਸੀ.ਐਮ ਆਰੀਆ ਸਕੂਲ ਲੁਧਿਆਣਾ ਵੱਲੋਂ ਡਰਾਮਾ ਅਤੇ ਗਰੁੱਪ ਗੀਤ, ਪੁਲਿਸ ਸੱਭਿਆਚਾਰਕ ਟਰੂਪ ਪਟਿਆਲਾ ਵੱਲੋਂ ਗੀਤ, ਗਾਇਕ ਸੁਰਪ੍ਰੀਤ ਧਵਨ ਅਤੇ ਗਾਇਕ ਗੁਰਜੀਤ ਸਿੰਘ ਗੌਰੀ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ (ਯੂ.ਪੀ), ਰਾਜਸਥਾਨ, ਗੁਜਰਾਤ, ਹਰਿਆਣਾ, ਜੰਮੂ ਕਸ਼ਮੀਰ ਅਤੇ ਮਹਾਰਾਸ਼ਟਰ ਤੋਂ ਆਈਆਂ ਟੀਮਾਂ ਆਪਣੇ-ਆਪਣੇ ਰਾਜ ਨਾਲ ਸਬੰਧਤ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ।
ਇਸ ਤੋਂ ਇਲਾਵਾ 7 ਅਕਤੂਬਰ ਸ਼ਾਮ ਨੂੰ ਸਾਰਸ ਮੇਲੇ ਵਿੱਚ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਅਤੇ ਮਨਰਾਜ ਪਾਤਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਲੁਧਿਆਣਾ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 13 ਅਕਤੂਬਰ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਲੱਗੇ ਇਸ ਸਾਰਸ ਮੇਲੇ ਵਿੱਚ ਪਰਿਵਾਰ ਸਮੇਤ ਆ ਕੇ ਵੱਖ-ਵੱਖ ਰਾਜਾਂ ਦੇ ਭੋਜਨ, ਕਲਾਂ ਕਿਰਤੀਆਂ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਨੰਦ ਮਾਣੋ।
---
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ