ਫਾਜ਼ਿਲਕਾ, 7 ਅਕਤੂਬਰ (ਹਿੰ. ਸ.)। ਡਾਕਟਰ ਰੋਹਿਤ ਗੋਇਲ ਸਿਵਲ ਸਰਜਨ ਫ਼ਾਜ਼ਿਲਕਾ ਦੀ ਨਿਗਰਾਨੀ, ਡਾਕਟਰ ਅਰਪਿਤ ਗੁਪਤਾ ਸਹਾਇਕ ਸਿਵਲ ਸਰਜਨ ਦੀ ਅਗਵਾਈ ਅਤੇ ਡਾਕਟਰ ਰਿੰਕੂ ਚਾਵਲਾ ਦੀ ਪ੍ਰਧਾਨਗੀ ਵਿੱਚ ਜਿਲ੍ਹੇ ਦੇ ਮਾਸ ਮੀਡੀਆ ਵਿੰਗ ਦੀ ਮਹੀਨਾਵਾਰ ਮੀਟਿਗ ਕੀਤੀ ਗਈ। ਇਸ ਸਮੇਂ ਪਲਸ ਪੋਲੀਓ ਮੁਹਿੰਮ, ਨਸ਼ਾ ਮੁਕਤੀ ਅਭਿਆਨ, ਡੇਂਗੂ ਮਲੇਰੀਆ ਅਤੇ ਹੋਰ ਸਿਹਤ ਪ੍ਰੋਗ੍ਰਾਮਾਂ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ। ਡਾਕਟਰ ਰੋਹਿਤ ਗੋਇਲ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਚੱਲ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਫੀਲਡ ਸਟਾਫ ਰਾਹੀਂ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਇਸ ਦੇ ਨਾਲ ਹੀ ਸਿਹਤ ਦਿਵਸ ਅਤੇ ਪੰਦਰਵਾੜੇ ਪਿੰਡ ਪੱਧਰ 'ਤੇ ਮਨਾਏ ਜਾਣ ਤਾਂ ਜੋ ਲੋਕਾਂ ਤੱਕ ਇਸ ਦਾ ਲਾਭ ਪਹੁੰਚ ਸਕੇ।ਡਾਕਟਰ ਰਿੰਕੂ ਚਾਵਲਾ ਨੇ ਕਿਹਾ ਕਿ 12 ਅਕਤੂਬਰ ਤੋਂ ਸ਼ੁਰੂ ਹੋ ਰਹੀ ਪਲਸ ਪੋਲੀਓ ਮੁਹਿੰਮ ਦੌਰਾਨ 0 ਤੋਂ 5 ਸਾਲ ਤੱਕ ਦੇ ਹਰੇਕ ਬੱਚੇ ਨੂੰ ਪੋਲੀਓ ਰੋਕੂ ਬੂੰਦਾਂ ਪਿਆਈਆਂ ਜਾਣ ਤਾਂ ਕਿ ਇਸ ਨਾਮੁਰਾਦ ਬਿਮਾਰੀ ਤੋਂ ਬਚਾਅ ਕੀਤਾ ਜਾ ਸਕੇ। ਉਹਨਾਂ ਨੇ ਕਿਹਾ ਕਿ ਇਸ ਮੁਹਿੰਮ ਸਬੰਧੀ ਬਲਾਕਾਂ ਤੇ ਮੁਕੰਮਲ ਇੰਤਜ਼ਾਮ ਕਰ ਲਏ ਜਾਣ। ਡਾਕਟਰ ਅਰਪਿਤ ਗੁਪਤਾ ਨੇ ਕਿਹਾ ਕਿ ਬਰਸਾਤ ਦੇ ਮੌਸਮ ਨੂੰ ਵੇਖਦਿਆਂ ਲੋਕਾਂ ਨੂੰ ਘਰਾਂ ਦੇ ਆਲੇ ਦੁਆਲੇ ਸਫ਼ਾਈ ਰੱਖਣ, ਸਾਫ਼ ਪਾਣੀ ਅਤੇ ਸਾਫ਼ ਸੰਤੁਲਿਤ ਭੋਜਨ ਖਾਣ ਲਈ ਜਾਗਰੂਕ ਕੀਤਾ ਜਾਵੇ। ਡੇਂਗੂ ਅਤੇ ਮਲੇਰੀਆ ਵਿਰੋਧੀ ਅਤੇ ਜਾਗਰੂਕਤਾ ਗਤੀਵਿਧੀਆਂ ਵਿੱਚ ਤੇਜੀ ਲਿਆਂਦੀ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ