ਹੁਸ਼ਿਆਰਪੁਰ, 7 ਅਕਤੂਬਰ (ਹਿੰ. ਸ.)। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਇਸ ਸਾਲ ਦੀਵਾਲੀ ਦੇ ਤਿਉਹਾਰ ਦੌਰਾਨ ਪ੍ਰਚੂਨ ਵਿਚ ਪਟਾਖੇ ਵੇਚਣ ਲਈ ਡਰਾਅ ਰਾਹੀਂ ਜ਼ਿਲ੍ਹੇ ਵਿੱਚ 57 ਆਰਜ਼ੀ ਲਾਇਸੰਸ ਜਾਰੀ ਕੀਤੇ ਹਨ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਵੀਡੀਓਗ੍ਰਾਫੀ ਰਾਹੀਂ ਪੂਰੀ ਡਰਾਅ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ। ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਬੀਰ ਕੌਰ ਭੁੱਲਰ ਅਤੇ ਸਹਾਇਕ ਕਮਿਸ਼ਨਰ ਪਰਮਪ੍ਰੀਤ ਸਿੰਘ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਤੋਂ 858 ਅਰਜ਼ੀਆਂ ਸੇਵਾ ਕੇਂਦਰਾਂ ਰਾਹੀਂ ਪ੍ਰਾਪਤ ਹੋਈਆਂ ਸਨ ਅਤੇ ਡਰਾਅ ਰਾਹੀਂ 57 ਆਰਜ਼ੀ ਲਾਇਸੰਸ ਜਾਰੀ ਕਰਨ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਡਰਾਅ ਨਿਕਲੇ ਹਨ ਉਨ੍ਹਾਂ ਲਈ ਜ਼ਰੂਰੀ ਹੈ ਕਿ ਉਹ ਜੀ.ਐਸ.ਟੀ ਨਾਲ ਸਬੰਧੀ ਆਮ ਰਜਿਸਟ੍ਰੇਸ਼ਨ ਟੈਕਸ ਵਿਭਾਗ ਵਿਚ ਕਰਵਾਉਣ। ਉਨ੍ਹਾਂ ਕਿਹਾ ਕਿ ਇਹ ਅਸਥਾਈ ਲਾਇਸੰਸ ਸਿਰਫ਼ ਪ੍ਰਸ਼ਾਸਨ ਵੱਲੋਂ ਨਿਰਧਾਰਤ ਥਾਵਾਂ 'ਤੇ ਪਟਾਖੇ ਵੇਚਣ ਲਈ ਜਾਰੀ ਕੀਤੇ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 22 ਸਤੰਬਰ 2023 ਨੂੰ ਜਾਰੀ ਹਦਾਇਤਾਂ ਦੀ ਪੂਰੀ ਪਾਲਣਾ, ਪਟਾਖੇ ਵੇਚਣ ਵਾਲੀਆਂ ਥਾਵਾਂ 'ਤੇ ਸਟਾਲਾਂ ਦੀ ਬਣਤਰ ਅਤੇ ਸੁਰੱਖਿਆ ਨਿਯਮਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜੇਕਰ ਕੋਈ ਪਟਾਖਾ ਵੇਚਣ ਵਾਲਾ ਅਸਥਾਈ ਲਾਇਸੰਸ ਤੋਂ ਇਲਾਵਾ ਨਿਰਧਾਰਤ ਥਾਵਾਂ 'ਤੇ ਪਟਾਖੇ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਟਾਖੇ 11 ਅਕਤੂਬਰ ਤੋਂ 20 ਅਕਤੂਬਰ ਤੱਕ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਵੇਚੇ ਜਾ ਸਕਦੇ ਹਨ। ਉਨ੍ਹਾਂ ਸਾਰੇ ਐਸ.ਡੀ.ਐਮਜ਼ ਅਤੇ ਡੀ.ਐਸ.ਪੀਜ਼ ਨੂੰ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਉਹ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੀ ਸਬ-ਡਵੀਜ਼ਨ ਵਿੱਚ ਪਟਾਖੇ ਸਿਰਫ਼ ਨਿਰਧਾਰਤ ਥਾਵਾਂ 'ਤੇ ਹੀ ਵੇਚੇ ਜਾਣ। ਉਨ੍ਹਾਂ ਕਿਹਾ ਕਿ ਐਸ.ਡੀ.ਐਮਜ਼ ਨਿਯਮਤ ਜਾਂਚ ਕਰਨਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਿਰਫ਼ ਉਹੀ ਵਿਅਕਤੀ ਜਿਨ੍ਹਾਂ ਨੇ ਆਰਜ਼ੀ ਲਾਇਸੰਸ ਲਿਆ ਹੈ, ਨਿਰਧਾਰਤ ਥਾਵਾਂ 'ਤੇ ਪਟਾਖੇ ਵੇਚਣ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਸਬੰਧਤ ਐਸ.ਡੀ.ਐਮ ਅਤੇ ਡੀ.ਐਸ.ਪੀ ਇਸ ਲਈ ਜ਼ਿੰਮੇਵਾਰ ਹੋਣਗੇ।ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਅੱਜ ਹੋਏ ਡਰਾਅ ਵਿੱਚ ਸਬ ਡਵੀਜ਼ਨ ਹੁਸ਼ਿਆਰਪੁਰ ਵਿੱਚ ਦੁਸਹਿਰਾ ਗਰਾਊਂਡ (ਨਵੀਂ ਆਬਾਦੀ) ਲਈ 16, ਜ਼ਿਲ੍ਹਾ ਪ੍ਰੀਸ਼ਦ ਮਾਰਕੀਟ (ਅੱਡਾ ਮਾਹਿਲਪੁਰ) ਲਈ 5, ਰੋਸ਼ਨ ਗਰਾਊਂਡ ਹੁਸ਼ਿਆਰਪੁਰ ਲਈ 4, ਰਾਮਲੀਲਾ ਗਰਾਊਂਡ ਹਰਿਆਣਾ ਲਈ 4, ਬੁੱਲੋਵਾਲ ਖੁੱਲ੍ਹੀ ਜਗ੍ਹਾ ਲਈ 1, ਅਤੇ ਚੱਬੇਵਾਲ ਖੁੱਲ੍ਹੀ ਜਗ੍ਹਾ ਲਈ 1 ਡਰਾਅ ਕੱਢਿਆ ਗਿਆ, ਸਬ-ਡਿਵੀਜ਼ਨ ਗੜ੍ਹਸ਼ੰਕਰ ਵਿੱਚ ਮਿਲਟਰੀ ਗਰਾਊਂਡ ਲਈ 5, ਮਾਹਿਲਪੁਰ-ਫਗਵਾੜਾ ਰੋਡ 'ਤੇ ਸਥਿਤ ਨਗਰ ਪੰਚਾਇਤ ਦੀ ਮਾਲਕੀ ਵਾਲੀ ਜ਼ਮੀਨ ਲਈ 2 ਅਤੇ ਕੋਟ ਫਤੂਹੀ ਤੋਂ ਬਿੰਜੋ ਰੋਡ 'ਤੇ ਖਾਲੀ ਸਥਾਨ ਲਈ 1 ਡਰਾਅ ਕੱਢਿਆ ਗਿਆ, ਸਬ-ਡਿਵੀਜ਼ਨ ਦਸੂਹਾ ਵਿੱਚ ਮਹਾਰਿਸ਼ੀ ਵਾਲਮੀਕਿ ਪਾਰਕ ਲਈ 2, ਬਲਾਕ ਸੰਮਤੀ ਸਟੇਡੀਅਮ ਦਸੂਹਾ ਲਈ 1 ਅਤੇ ਦੁਸਹਿਰਾ ਗਰਾਊਂਡ ਗੜ੍ਹਦੀਵਾਲਾ ਲਈ 3 ਡਰਾਅ ਕੱਢੇ ਗਏ। ਸਬ-ਡਵੀਜ਼ਨ ਟਾਂਡਾ ਲਈ ਸ਼ਿਮਲਾ ਪਹਾੜੀ ਪਾਰਕ ਉੜਮੁੜ ਵਿਖੇ 3 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਟਾਂਡਾ ਦੇ ਗਰਾਊਂਡ ਲਈ 2 ਡਰਾਅ ਕੱਢੇ ਗਏ। ਸਬ-ਡਵੀਜ਼ਨ ਮੁਕੇਰੀਆਂ ਵਿੱਚ ਦੁਸਹਿਰਾ ਗਰਾਊਂਡ ਮੁਕੇਰੀਆਂ ਲਈ 3, ਦੁਸਹਿਰਾ ਹਾਜੀਪੁਰ ਲਈ 2, ਨਰਸਰੀ ਗਰਾਊਂਡ ਸੈਕਟਰ-3 ਤਲਵਾੜਾ ਲਈ 1 ਅਤੇ ਦੁਸਹਿਰਾ ਗਰਾਊਂਡ ਦਾਤਾਰਪੁਰ ਲਈ 1 ਲਾਇਸੈਂਸ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਪਟਾਖੇ ਅਤੇ ਆਤਿਸ਼ਬਾਜ਼ੀ ਚਲਾਉਣ ਦਾ ਦਿਨ ਅਤੇ ਸਮਾਂ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 20 ਅਕਤੂਬਰ 2025 ਨੂੰ ਦੀਵਾਲੀ ਵਾਲੇ ਦਿਨ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ, 5 ਨਵੰਬਰ ਨੂੰ ਗੁਰਪੁਰਬ 'ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਅਤੇ 25-26 ਦਸੰਬਰ ਨੂੰ ਕ੍ਰਿਸਮਸ ਅਤੇ 31 ਦਸੰਬਰ (ਅੱਧੀ ਰਾਤ) ਨੂੰ ਨਵੇਂ ਸਾਲ ਦੇ ਮੌਕੇ ‘ਤੇ ਰਾਤ 11:55 ਤੋਂ 12:30 ਵਜੇ ਤੱਕ ਪਟਾਖੇ ਚਲਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਾਈਲੈਂਸ ਜ਼ੋਨ ਜਿਵੇਂ ਹਸਪਤਾਲਾਂ, ਵਿੱਦਿਅਕ ਸੰਸਥਾਵਾਂ, ਅਦਾਲਤਾਂ ਅਤੇ ਧਾਰਮਿਕ ਸਥਾਨਾਂ ਆਦਿ ਦੇ 100 ਮੀਟਰ ਦੇ ਅੰਦਰ ਪਟਾਖੇ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਸਾਰੇ ਉਪ-ਮੰਡਲ ਮੈਜਿਸਟ੍ਰੇਟਾਂ, ਖੇਤਰ ਮੈਜਿਸਟ੍ਰੇਟਾਂ ਅਤੇ ਜ਼ਿਲ੍ਹਾ ਪੁਲਿਸ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਜਾਰੀ ਕੀਤੇ ਗਏ ਹੁਕਮਾਂ ਅਤੇ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ