ਫਾਜ਼ਿਲਕਾ 7 ਅਕਤੂਬਰ (ਹਿੰ. ਸ.)। ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ 2 ਕਰੋੜ 40 ਲੱਖ 20 ਹਜਾਰ ਦੀ ਲਾਗਤ ਨਾਲ ਪਿੰਡਾਂ ਦੀਆਂ ਵੱਖ-ਵੱਖ ਸੜਕਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਪਿੰਡਾਂ ਦੇ ਵਿਕਾਸ ਲਈ ਪ੍ਰੋਜੈਕਟ ਉਲੀਕ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੀ ਸੜਕਾਂ ਤੇ ਫਿਰਨੀ ਦਾ ਸੁਧਾਰ ਕਰਨ ਲਈ ਪੰਜਾਬ ਸਰਕਾਰ ਵਚਨਬੱਧ ਹੈ।ਵਿਧਾਇਕ ਸਵਨਾ ਨੇ ਦੱਸਿਆ ਕਿ 1 ਕਰੋੜ 46 ਲੱਖ ਦੀ ਲਾਗਤ ਨਾਲ ਕਬੂਲਸ਼ਾਹ ਖੁਬਣ ਤੋਂ ਪਿੰਡ ਆਜਮ ਵਾਲਾ ਤੱਕ, 48 ਲੱਖ ਦੀ ਲਾਗਤ ਨਾਲ ਪਿੰਡ ਸਾਬੂਆਣਾ ਤੋਂ ਸਤੀਰਵਾਲਾ ਰੋੜ ਤੱਕ ਅਤੇ 37 ਲੱਖ ਨਾਲ ਪਿੰਡ ਸਾਬੂਆਣਾ ਵਿਖੇ ਪਿੰਡ ਦੀਆਂ ਅੰਦਰੂਨੀ ਸੜਕਾਂ ਦਾ ਨੀਹ ਪੱਥਰ ਰੱਖਿਆ। ਇਸ ਤੋਂ ਇਲਾਵਾ ਬਾਂਡੀਵਾਲਾ ਵਿਖੇ 9 ਲੱਖ ਤੋਂ ਵਧੇਰੇ ਦੀ ਲਾਗਤ ਨਾਲ ਪਿੰਡ ਦੀ ਫਿਰਨੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਕਰੋੜ ਰੁਪਏ ਦੀ ਸੌਗਾਤ ਪੰਜਾਬ ਸਰਕਾਰ ਨੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸੜਕਾਂ ਜਲਦ ਤਿਆਰ ਹੋ ਜਾਣਗੀਆਂ ਤੇ ਲੋਕ ਸਮਰਪਿਤ ਕੀਤੀਆਂ ਜਾਣਗੀਆਂ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਅਤੇ ਪਿੰਡਾਂ ਵਿੱਚ ਬਰਾਬਰ ਤਰਜੀਹੀ ਅਧਾਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਹਨਾਂ ਨੇ ਆਖਿਆ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਬਿਹਤਰ ਤਰੀਕੇ ਨਾਲ ਮਿਲਣ ਇਸ ਲਈ ਪੰਜਾਬ ਸਰਕਾਰ ਦ੍ਰਿੜ ਸੰਕਲਪਿਤ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ