ਤਲਵਾੜਾ/ਹੁਸ਼ਿਆਰਪੁਰ, 7 ਅਕਤੂਬਰ (ਹਿੰ. ਸ.)। ਭਾਖੜਾ ਬਿਆਸ ਪ੍ਰਬੰਧ ਬੋਰਡ (ਬੀ.ਬੀ.ਐੱਮ.ਬੀ) ਦੇ ਮੁੱਖ ਇੰਜੀਨੀਅਰ, ਤਲਵਾੜਾ ਰਾਕੇਸ਼ ਗੁਪਤਾ ਨੇ ਦੱਸਿਆ ਕਿ 100 ਬਿਸਤਰਿਆਂ ਵਾਲੇ ਬੀ.ਬੀ.ਐੱਮ.ਬੀ ਹਸਪਤਾਲ, ਤਲਵਾੜਾ ਵਿਚ ਡਾਕਟਰਾਂ ਦੀਆਂ 16 ਪ੍ਰਵਾਨਿਤ ਅਸਾਮੀਆਂ 'ਤੇ ਨਿਯੁਕਤੀਆਂ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 15 ਡਾਕਟਰਾਂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ ਅਤੇ ਉਥੇ ਉਹ ਪੂਰੀ ਤਰ੍ਹਾਂ ਉਪਲੱਬਧ ਹਨ। ਉਨ੍ਹਾਂ ਦੱਸਿਆ ਕਿ ਇਕ ਇਸਤਰੀ ਰੋਗ ਮਾਹਿਰ ਮੈਟਰਨਿਟੀ ਛੁੱਟੀ 'ਤੇ ਹਨ। ਉਨ੍ਹਾਂ ਦੱਸਿਆ ਕਿ ਉਪਲਬੱਧ ਮਾਹਿਰ ਡਾਕਟਰਾਂ ਵਿਚ ਫਿਜ਼ੀਸ਼ੀਅਨ ਡਾ. ਸੁਖਦੇਵ, ਸਰਜਨ ਡਾ. ਮਹਿਤਾ, ਆਰਥੋਪੀਡੀਸ਼ੀਅਨ ਅਤੇ ਪੀ.ਐਮ.ਓ ਡਾ. ਐਸ.ਪੀ ਸਿੰਘ, ਅੱਖਾਂ ਦੇ ਮਾਹਿਰ ਡਾ. ਅਨਾਹਿਤ ਕੌਰ, ਡੈਂਟਲ ਸਰਜਨ ਡਾ. ਦੇਵਿਆਨੀ ਕੌਲ ਦੇ ਨਾਲ-ਨਾਲ ਡਾ. ਦਵਿੰਦਰ ਪੁਰੀ, ਡਾ. ਸਤੀਸ਼ ਕਾਜਲ, ਡਾ. ਨਿਰਭੈ ਸਿੰਘ ਅਤੇ ਡਾ. ਸੁਵਰਤ ਕਾਲੀਆ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਨਰਸਿੰਗ ਸਟਾਫ਼ ਦੀਆਂ 18 ਅਸਾਮੀਆਂ ਵਿਚੋਂ 9 ਰੈਗੂਲਰ ਅਤੇ 9 ਅਪ੍ਰੈਂਟਿਸ ਨਰਸਾਂ ਕੰਮ ਕਰ ਰਹੀਆਂ ਹਨ। ਮੁੱਖ ਇੰਜੀਨੀਅਰ ਨੇ ਦੱਸਿਆ ਕਿ ਇਹ ਹਸਪਤਾਲ ਬੀ.ਬੀ.ਐੱਮ.ਬੀ ਕਰਮਚਾਰੀਆਂ ਤੋਂ ਇਲਾਵਾ ਸਾਰੇ ਸਥਾਨਕ ਅਤੇ ਆਸਪਾਸ ਦੇ ਲੋਕਾਂ ਨੂੰ ਸਰਕਾਰੀ ਦਰਾਂ 'ਤੇ ਇਲਾਜ ਮੁਹੱਈਆ ਕਰਵਾਉਣ ਲਈ ਸਮਰਪਿਤ ਹੈ। ਹਸਪਤਾਲ ਵਿੱਚ ਘੱਟ ਦਰਾਂ 'ਤੇ ਸੀ. ਬੀ. ਸੀ, ਬਲੱਡ ਸ਼ੂਗਰ, ਆਰ.ਐਫ.ਟੀ, ਐਲ.ਐਫ.ਟੀ, ਯੂਰਿਨ ਟੈਸਟ, ਲਿਪਿਡ ਪ੍ਰੋਫਾਈਲ, ਐਕਸਰੇ, ਈ.ਸੀ.ਜੀ, ਅਲਟਰਾਸਾਊਂਡ ਵਰਗੀਆਂ ਮਹੱਤਵਪੂਰਨ ਜਾਂਚ ਸਹੂਲਤਾਂ ਉਪਲਬੱਧ ਹਨ। ਇਸ ਤੋਂ ਇਲਾਵਾ ਹਸਪਤਾਲ ਵਿਚ ਸੋਨੋਗ੍ਰਾਫੀ ਮਸ਼ੀਨ ਵੀ ਮੌਜੂਦ ਹੈ ਅਤੇ ਜਲਦੀ ਹੀ ਫਿਜ਼ੀਓਥੈਰੇਪਿਸਟ ਦੀ ਪੋਸਟਿੰਗ ਦੀ ਆਸ ਹੈ। ਮੁੱਖ ਇੰਜੀਨੀਅਰ ਨੇ ਆਸਪਾਸ ਦੇ ਸਾਰੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਬਿਹਤਰ ਕੀਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ, ਕਿਉਂਕਿ ਹਸਪਤਾਲ ਹੁਣ ਆਪਣੀ ਪੂਰੀ ਸਮਰੱਥਾ ਨਾਲ ਲੋੜੀਂਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ