
ਜਲੰਧਰ , 10 ਨਵੰਬਰ (ਹਿੰ.ਸ.)|
ਡੀਏਵੀ ਕਾਲਜ ਜਲੰਧਰ ਦੇ ਐੱਨ ਐੱਸ ਐੱਸ ਯੂਨਿਟ ਵੱਲੋਂ, ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਰੋਜ਼ਾ ਸਪੈਸ਼ਲ ਐੱਨ ਐੱਸ ਐੱਸ ਕੈਂਪ ਲਗਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਵਲੰਟੀਅਰਜ਼ ਨੇ ਹਾਜ਼ਰੀ ਭਰੀ। ਕਾਲਜ ਦੇ ਗੇਟ ਨੰਬਰ 02 ਨੇੜੇ ਵਲੰਟੀਅਰਜ਼ ਨੇ ਸਾਫ਼-ਸਫ਼ਾਈ ਦਾ ਅਭਿਆਨ ਸ਼ੁਰੂ ਕੀਤਾ ਅਤੇ ਇਸ ਜਗ੍ਹਾ ਉੱਤੇ ਵੱਡੀ ਮਾਤਰਾ ਵਿੱਚ ਉੱਗੇ ਘਾਹ-ਫੂਸ ਨੂੰ ਸਾਫ਼ ਕਰਕੇ ਇਸਨੂੰ ਸਾਫ਼-ਸੁਥਰਾ ਤੇ ਖ਼ੂਬਸੂਰਤ ਬਣਾਇਆ। ਵਲੰਟੀਅਰਜ਼ ਨੇ ਪੌਦਿਆਂ ਦੀ ਸਾਫ਼-ਸਫ਼ਾਈ ਕਰਦਿਆਂ ਜਿੱਥੇ ਉਹਨਾਂ ਦੀਆਂ ਵਾਧੂ ਟਾਹਣੀਆਂ ਨੂੰ ਕੱਟਿਆ ਉੱਥੇ ਪੌਦਿਆਂ ਦੇ ਆਲੇ-ਦੁਆਲੇ ਪੱਥਰ ਲਗਾ ਕੇ ਖ਼ੂਬਸੂਰਤ ਕਿਆਰੀਆਂ ਵੀ ਬਣਾਈਆਂ। ਇਹ ਇੱਕ ਰੋਜ਼ਾ ਕੈਂਪ ਸਵੇਰੇ 7 ਵਜੇ ਸ਼ੁਰੂ ਕੀਤਾ ਗਿਆ। ਵਲੰਟੀਅਰਜ਼ ਨੇ ਇਸ ਕੈਂਪ ਲਈ ਸਮੇਂ-ਸਿਰ ਆਪਣੀ ਹਾਜ਼ਰੀ ਭਰ ਕੇ ਜਿੱਥੇ ਸਮੇਂ ਦੇ ਪਾਬੰਦ ਹੋਣ ਦਾ ਸਬੂਤ ਦਿੱਤਾ ਉੱਥੇ ਸਾਰੇ ਵਲੰਟੀਅਰਜ਼ ਨੇ ਬਹੁਤ ਮਿਹਨਤ ਅਤੇ ਤਨਦੇਹੀ ਦੇ ਨਾਲ਼ ਅਰਥ ਵਰਕ ਕੀਤਾ। ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਜੀ ਨੇ ਇਸ ਇੱਕ ਰੋਜ਼ਾ ਸਪੈਸ਼ਲ ਐੱਨ ਐੱਸ ਐੱਸ ਕੈਂਪ ਲਈ ਕਾਲਜ ਦੇ ਐੱਨ ਐੱਸ ਐੱਸ ਯੂਨਿਟ ਨੂੰ ਮੁਬਾਰਕਬਾਦ ਦਿੱਤੀ ਅਤੇ ਇਸ ਨੂੰ ਇੱਕ ਸ਼ਲਾਘਾਯੋਗ ਉਪਰਾਲਾ ਦੱਸਿਆ। ਉਹਨਾਂ ਮਿਹਨਤ ਨਾਲ਼ ਕਾਰਜ ਕਰਨ ਵਾਲ਼ੇ ਵਲੰਟੀਅਰਜ਼ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅਜਿਹੇ ਵਿਦਿਆਰਥੀ ਹੀ ਸਮਾਜ ਦੇ ਬਾਕੀ ਲੋਕਾਂ ਲਈ ਪ੍ਰੇਰਨਾ ਸਰੋਤ ਬਣਦੇ ਹਨ।
ਐੱਨ ਐੱਸ ਐੱਸ ਕੁਆਡੀਨੇਟਰ ਡਾ. ਸਾਹਿਬ ਸਿੰਘ ਨੇ ਕੈਂਪ ਦੇ ਸ਼ੁਰੂ ਹੋਣ ਤੋਂ ਪਹਿਲਾਂ ਜਿੱਥੇ ਵਲੰਟੀਅਰਜ਼ ਨੂੰ ਅਰਥ ਵਰਕ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ ਉੱਥੇ ਉਹਨਾਂ ਨੇ ਵਲੰਟੀਅਰਜ਼ ਨੂੰ ਵਿਦਿਆਰਥੀ ਜੀਵਨ ਵਿੱਚ ਐੱਨ ਐੱਸ ਐੱਸ ਦੀ ਅਹਿਮ ਭੂਮਿਕਾ ਤੋਂ ਵੀ ਜਾਣੂ ਕਰਵਾਇਆ। ਅਰਥ ਵਰਕ ਤੋੰ ਬਾਅਦ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੌਰਾਨ ਵਲੰਟੀਅਰਜ਼ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਵਿਭਿੰਨ ਪ੍ਰਕਾਰ ਦੀਆਂ ਪੇਸ਼ਕਾਰੀਆਂ ਕੀਤੀਆਂ, ਜਿੰਨਾਂ ਵਿੱਚ ਕਵਿਤਾ, ਗੀਤ, ਸਕਿੱਟ ਆਦਿ ਦੀ ਪੇਸ਼ਕਾਰੀ ਕੀਤੀ ਗਈ। ਵਲੰਟੀਅਰਜ਼ ਨੇ ਆਪਣੀਆਂ ਪੇਸ਼ਕਾਰੀਆਂ ਰਾਹੀਂ ਬਹੁਤ ਹੀ ਅਰਥ ਭਰਪੂਰ ਅਤੇ ਸਮਾਜ ਨੂੰ ਜਾਗਰੂਕ ਕਰਨ ਵਾਲੇ ਸੰਦੇਸ਼ ਦਿੱਤੇ। ਉਪਰੰਤ ਵਲੰਟੀਅਰਜ਼ ਨੇ ਪੰਗਤ ਵਿੱਚ ਬੈਠ ਕੇ ਭੋਜਨ ਖਾਧਾ। ਇਸ ਕੈਂਪ ਵਿੱਚ ਨਵੇਂ ਜੁੜੇ ਵਿਦਿਆਰਥੀਆਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਉਹਨਾਂ ਨੂੰ ਹੱਥੀ ਕਿਰਤ ਕਰਕੇ ਸੱਚਮੁੱਚ ਹੀ ਬਹੁਤ ਵਧੀਆ ਲੱਗਿਆ ਹੈ ਅਤੇ ਉਹ ਭਵਿੱਖ ਵਿੱਚ ਵੀ ਅਜਿਹੇ ਕੈਂਪਾਂ ਦਾ ਹਿੱਸਾ ਬਣਦੇ ਰਹਿਣਗੇ। ਪ੍ਰੋਗਰਾਮ ਦੇ ਅੰਤ ਉੱਪਰ ਪ੍ਰੋਗਰਾਮ ਅਫ਼ਸਰ ਪ੍ਰੋ. ਗਗਨ ਮਦਾਨ ਨੇ ਵਲੰਟੀਅਰਜ਼ ਨਾਲ਼ ਵਿਚਾਰ ਸਾਂਝੇ ਕੀਤੇ ਉਹਨਾਂ ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਵਲੰਟੀਅਰਜ਼ ਦੇ ਸਹਿਯੋਗ ਨਾਲ਼ ਹੀ ਇਹ ਇੱਕ ਰੋਜ਼ਾ ਕੈਂਪ ਕਾਮਯਾਬ ਹੋ ਸਕਿਆ ਹੈ।
---------------
ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ