
ਧੂਰੀ/ਸੰਗਰੂਰ, 10 ਨਵੰਬਰ (ਹਿੰ. ਸ.)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀਂ ਪ੍ਰਸਿੱਧ ਲੇਖਕ ਮੁਨੀਸ਼ ਜਿੰਦਲ ਵੱਲੋਂ ਲਿਖੀ ਪ੍ਰਸਿੱਧ ਪੁਸਤਕ 'ਸਾਡਾ ਪੰਜਾਬ' ਦਾ ਪੰਜਾਬੀ ਐਡੀਸ਼ਨ ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਵਿਖੇ ਰਿਲੀਜ਼ ਕੀਤਾ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਦੇ ਜੰਮਪਲ ਲੇਖਕ ਮੁਨੀਸ਼ ਜਿੰਦਲ ਨੂੰ ਵਧਾਈ ਦਿੱਤੀ ਅਤੇ ਉਹਨਾਂ ਵੱਲੋਂ ਪੰਜਾਬ ਦੇ ਇਤਿਹਾਸ ਅਤੇ ਸਭਿਆਚਾਰ ਸਮੇਤ ਮੁਕੰਮਲ ਗਿਆਨ ਪ੍ਰਦਾਨ ਕਰਦੀ ਇਸ ਵਿਆਪਕ ਪੁਸਤਕ ਦਾ ਪੰਜਾਬੀ ਐਡੀਸ਼ਨ ਪੇਸ਼ ਕਰਨ ਲਈ ਸਰਾਹਨਾ ਕੀਤੀ।
ਦੱਸਣਯੋਗ ਹੈ ਕਿ ਇਸ ਪੁਸਤਕ ਵਿੱਚ ਜਿੱਥੇ ਪੰਜਾਬ ਦਾ ਭੂਗੋਲ, ਪੁਰਾਤਨ, ਮੱਧਕਾਲੀਨ, ਵਰਤਮਾਨ ਇਤਿਹਾਸ ਅਤੇ ਸੱਭਿਆਚਾਰ ਨੂੰ ਸ਼ਾਮਲ ਕੀਤਾ ਗਿਆ ਹੈ, ਉਥੇ ਪੰਜਾਬ ਵਿੱਚ ਚੱਲੀਆਂ ਸਮਾਜਿਕ ਅਤੇ ਧਾਰਮਿਕ ਸੁਧਾਰ ਲਹਿਰਾਂ ਅਤੇ ਪੰਜਾਬ ਦੇ ਨਿਰਮਾਣ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ ਹੈ। ਇਸ ਪੁਸਤਕ ਵਿਚ ਸਿੱਖ ਇਤਿਹਾਸ ਨੂੰ ਬੜੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਪੁਸਤਕ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਇਤਿਹਾਸ ਤੋਂ ਹੁਣ ਤੱਕ ਦੀ ਜਾਣਕਾਰੀ ਵਿਸਥਾਰ ਵਿੱਚ ਦਿੱਤੀ ਗਈ ਹੈ। ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਵੱਲੋਂ ਭਾਰਤ ਦੀ ਆਜ਼ਾਦੀ ਲਈ ਦਿੱਤੀਆਂ ਸ਼ਹਾਦਤਾਂ ਦਾ ਵਿਸਥਾਰ ਅਧਿਆਇ ਪੰਜਾਬ ਦੀ ਨੌਜਵਾਨ ਪੀੜੀ ਨੂੰ ਪ੍ਰੇਰਿਤ ਕਰਦਾ ਹੈ।
ਇਸ ਕਿਤਾਬ ਬਾਰੇ ਵੇਰਵੇ ਸਾਂਝੇ ਕਰਦਿਆਂ ਲੇਖਕ ਮੁਨੀਸ਼ ਜਿੰਦਲ ਨੇ ਦੱਸਿਆ ਕਿ ਇਸ ਕਿਤਾਬ ਦਾ ਮੰਤਵ ਪੰਜਾਬ ਅਤੇ ਪੰਜਾਬੀਅਤ ਬਾਰੇ ਸਮਾਜ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨਾ ਹੈ। ਉਹਨਾਂ ਕਿਹਾ ਪਿਛਲੇ 13 ਸਾਲਾਂ ਤੋਂ ਪ੍ਰਕਾਸ਼ਿਤ ਹੋ ਰਹੇ ਇਸ ਕਿਤਾਬ ਦੇ ਅੰਗਰੇਜ਼ੀ ਐਡੀਸ਼ਨ ਨੂੰ ਲੱਖਾਂ ਪਾਠਕਾਂ ਵੱਲੋਂ ਪ੍ਰਸ਼ੰਸਾ ਅਤੇ ਪਿਆਰ ਮਿਲਿਆ ਹੈ। ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਇਸਦੇ ਪੰਜਾਬੀ ਰੂਪ ਦੇ ਪ੍ਰਕਾਸ਼ਿਤ ਹੋਣ ਨਾਲ ਇਹ ਕਿਤਾਬ ਹਰ ਪੰਜਾਬੀ ਨੂੰ ਪੰਜਾਬ ਨਾਲ ਜੋੜੇਗੀ। ਇਹ ਕਿਤਾਬ ਮੁਕਾਬਲਾ ਪ੍ਰੀਖਿਆਵਾਂ ਖਾਸ ਕਰ ਸਿਵਲ ਸੇਵਾਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਵੀ ਬਹੁਤ ਸਹਾਈ ਸਿੱਧ ਹੋਵੇਗੀ।
ਲੇਖਕ ਮੁਨੀਸ਼ ਜਿੰਦਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੀ ਮਿੱਟੀ, ਮਾਂ ਬੋਲੀ ਅਤੇ ਪੰਜਾਬੀਅਤ ਦੀ ਰੂਹ ਨੂੰ ਸਮਰਪਿਤ ਇਸ ਕਿਤਾਬ ਦਾ ਪੰਜਾਬ ਦੇ ਮੁੱਖ ਮੰਤਰੀ ਹੱਥੋਂ ਜਾਰੀ ਹੋਣਾ ਸਾਡੇ ਪੰਜਾਬ ਲਈ ਮਾਣ ਵਾਲੀ ਗੱਲ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ