
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 10 ਨਵੰਬਰ (ਹਿੰ. ਸ.)। ਜ਼ਿਲ੍ਹਾ ਐਸ.ਏ.ਐਸ. ਨਗਰ ਅਧੀਨ ਆਉਂਦੀਆਂ ਸਾਰੀਆਂ ਸਬ ਡਿਵੀਜ਼ਨਾਂ ਵਿੱਚੋਂ ਪ੍ਰਤੀ ਸਬ ਡਿਵੀਜ਼ਨ 200 ਸਿਵਲ ਡਿਫੈਂਸ ਵਾਲੰਟੀਅਰਜ਼ ਐਨਰੋਲ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ, ਜਿਸ ਦੀ ਅੰਤਿਮ ਮਿਤੀ 10 ਨਵੰਬਰ ਤੋਂ ਵਧਾ ਕੇ 14 ਨਵੰਬਰ ਕਰ ਦਿੱਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਇਨ੍ਹਾਂ ਵਾਲੰਟੀਅਰਜ਼ ਦੀ ਉਮਰ ਘੱਟੋ-ਘੱਟ 18 ਸਾਲ ਹੋਣੀ ਲਾਜ਼ਮੀ ਹੈ ਅਤੇ ਉਹ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਵਸਨੀਕ ਹੋਣੇ ਚਾਹੀਦੇ ਹਨ।
ਉਨ੍ਹਾਂ ਦੱਸਿਆ ਕਿ ਇੱਛੁਕ ਉਮੀਦਵਾਰ ਸਿਵਲ ਡਿਫੈਂਸ ਨਾਲ ਜੁੜੀਆਂ ਹੋਰ ਸ਼ਰਤਾਂ ਅਤੇ ਜਾਣਕਾਰੀਆਂ ਲਈ ਆਪਣੀ ਸਬ ਡਿਵੀਜ਼ਨ ਨਾਲ ਸਬੰਧਤ ਐਸ.ਡੀ.ਐਮ. ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਸਬੰਧਤ ਸਬ ਡਿਵੀਜ਼ਨ ਖੇਤਰ ਅਧੀਨ ਪੈਂਦੇ ਸਕੂਲਾਂ, ਕਾਲਜਾਂ, ਹੋਰ ਵਿਦਿਅਕ ਅਦਾਰਿਆਂ ਦੇ ਵਿਦਿਆਰਥੀ, ਸਾਬਕਾ ਸੈਨਿਕ ਅਤੇ ਹੋਰ ਚਾਹਵਾਨ ਵਿਅਕਤੀ ਜੋ ਉਪਰੋਕਤ ਯੋਗਤਾਵਾਂ ਪੂਰੀਆਂ ਕਰਦੇ ਹਨ, ਉਹ ਆਪਣੇ ਐਨਰੋਲਮੈਂਟ ਫਾਰਮ 14 ਨਵੰਬਰ 2025 ਤੱਕ ਸਬੰਧਤ ਐਸ.ਡੀ.ਐਮ. ਦਫ਼ਤਰ ਵਿੱਚ ਜਮ੍ਹਾਂ ਕਰਵਾ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਮ੍ਹਾਂ ਹੋਏ ਫਾਰਮਾਂ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਅਗੇ ਡਾਇਰੈਕਟਰ ਜਨਰਲ ਆਫ਼ ਪੁਲਿਸ–ਕਮ ਕਮਾਂਡੈਂਟ ਜਨਰਲ, ਪੰਜਾਬ ਹੋਮ ਗਾਰਡਜ਼–ਡਾਇਰੈਕਟਰ ਸਿਵਲ ਡਿਫੈਂਸ, ਪੰਜਾਬ, ਚੰਡੀਗੜ੍ਹ ਨੂੰ ਅਗਲੀ ਕਾਰਵਾਈ ਲਈ ਭੇਜਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ