
ਫਾਜ਼ਿਲਕਾ 10 ਨਵੰਬਰ (ਹਿੰ. ਸ.)। ਜ਼ਿਲ੍ਹਾ ਪ੍ਰਸ਼ਾਸਨ ਅੱਗ ਲਗਣ ਦੀਆਂ ਘਟਨਾਵਾ 'ਤੇ ਠਲ ਪਾਉਣ ਲਈ ਲਗਾਤਾਰ ਕਾਰਜਸ਼ੀਲ ਹੈ। ਇਸੇ ਤਹਿਤ ਅਧਿਕਾਰੀ ਤੇ ਪ੍ਰਸ਼ਾਸਨਿਕ ਅਮਲਾ ਫੀਲਡ ਵਿਚ ਰਹਿੰਦਿਆਂ ਕਿਸਾਨ ਵੀਰਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਤੇ ਪਰਾਲੀ ਪ੍ਰਬੰਧਨ ਬਾਰੇ ਜਾਗਰੂਕਤਾ ਫੈਲਾ ਰਹੇ ਹਨ ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ ਅਤੇ ਆਲਾ-ਦੁਆਲਾ ਸ਼ੁੱਧ ਰਹਿ ਸਕੇ।
ਮੁੱਖ ਖੇਤੀਬਾੜੀ ਅਫਸਰ ਹਰਪ੍ਰੀਤ ਪਾਲ ਕੌਰ ਨੇ ਪਿੰਡ ਚੱਕ ਪੱਖੀ, ਚੱਕ ਖੇੜੇ ਵਾਲਾ, ਹੌਜ ਖਾਸ, ਹੌਜ ਗੰਦੜ, ਚੱਕ ਲਖੋ ਵਾਲੀ, ਚੱਕ ਦੁਮਾਲ ਆਦਿ ਵੱਖ-ਵੱਖ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਅਤੇ ਕਿਸਾਨ ਭਰਾਵਾਂ ਨੂੰ ਪਰਾਲੀ ਪ੍ਰਬੰਧਨ ਦੇ ਢੁਕਵੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਰਾਲੀ ਦਾ ਹਲ ਅੱਗ ਨਹੀਂ ਹੈ ਸਗੋਂ ਇਸਨੂੰ ਖਾਦ ਦੇ ਰੂਪ ਵਿਚ ਵਰਤਦਿਆਂ ਜਮੀਨ ਵਿਚ ਵਹਾ ਕੇ ਅਗਲੇਰੀ ਫਸਲ ਦੀ ਬਿਜਾਈ ਕੀਤੀ ਜਾਵੇ, ਇਸ ਨਾਲ ਪਰਾਲੀ ਦਾ ਸੁਯੋਗ ਨਿਬੇੜਾਂ ਤਾਂ ਹੋਵੇਗਾ ਹੀ ਬਲਕਿ ਪਰਾਲੀ ਨੂੰ ਅੱਗ ਲਗਣ ਤੋਂ ਵੀ ਰੋਕਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਜਮੀਨੀ ਉਪਜਾਉ ਸ਼ਕਤੀ ਦਿਨੋ-ਦਿਨ ਘਟਦੀ ਹੈ ਤੇ ਜਿਸ ਸੋਨੇ ਵਰਗੀ ਧਰਤੀ ਨੇ ਸਾਨੂੰ ਫਸਲ ਪ੍ਰਦਾਨ ਕਰਨੀ ਹੈ ਅਸੀਂ ਪਰਾਲੀ ਨੂੰ ਅੱਗ ਲਗਾ ਕੇ ਉਸਦੇ ਪੋਸ਼ਕ ਤੱਕ ਨਸ਼ਟ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਜਮੀਨ ਵਿਚ ਮਿਲਾ ਕੇ ਖੇਤੀਬਾੜੀ ਸੰਦਾਂ ਦੀ ਵਰਤੋਂ ਕਰਕੇ ਫਸਲ ਦੀ ਬਿਜਾਈ ਕਰਨ ਨਾਲ ਫਸਲ ਦਾ ਝਾੜ ਵੱਧ ਮਿਲਦਾ ਹੈ ਤੇ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਚੰਗਾ ਵਾਤਾਵਰਣ ਵੀ ਪ੍ਰਦਾਨ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਭਵਿੱਖੀ ਪੀੜੀ ਨੂੰ ਸ਼ੁੱਧ ਤੇ ਬਿਮਾਰੀਆਂ ਮੁਕਤ ਵਾਤਾਵਰਣ ਦੇਣਾ ਸਾਡਾ ਫਰਜ ਹੈ ਤੇ ਸਾਨੂੰ ਉਨ੍ਹਾਂ ਲਈ ਪ੍ਰੇਰਣਾ ਸਰੋਤ ਬਣਨਾ ਚਾਹੀਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ