
ਹੁਸ਼ਿਆਰਪੁਰ, 10 ਨਵੰਬਰ (ਹਿੰ. ਸ.)। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿਚ ਚੱਲ ਰਹੇ ਸੜਕ ਨਿਰਮਾਣ ਅਤੇ ਮੁਰੰਮਤ ਕੰਮਾਂ ਦਾ ਵਿਸਥਾਰ ਨਾਲ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਿਕਾਸ ਕੁਮਾਰ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। ਨਿਰੀਖਣ ਦੌਰਾਨ ਡਿਪਟੀ ਕਮਿਸ਼ਨਰ ਨੇ ਬਹਾਦਰਪੁਰ ਹਲਕੇ ਵਿਚ ਨਗਰ ਨਿਗਮ ਵੱਲੋਂ ਬਣਾਈਆਂ ਜਾ ਰਹੀਆਂ ਸੜਕਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਨਿਰਮਾਣ ਸਮੱਗਰੀ ਦੀ ਗੁਣਵੱਤਾ, ਪਾਣੀ ਨਿਕਾਸੀ ਪ੍ਰਬੰਧ ਅਤੇ ਸੜਕ ਦੇ ਪੱਧਰ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਇਸ ਉਪਰੰਤ ਉਨ੍ਹਾਂ ਨੇ ਦਸੂਹਾ ਹਲਕੇ ਦੀਆਂ ਸੜਕਾਂ ਦਾ ਵੀ ਦੌਰਾ ਕੀਤਾ ਅਤੇ ਮੌਕੇ ’ਤੇ ਹੀ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਪਹਿਲਕਦਮੀ ਜਨਤਾ ਨੂੰ ਬਿਹਤਰ ਅਤੇ ਸੁਰੱਖਿਅਤ ਸੜਕ ਸੰਪਰਕ ਉਪਲਬੱਧ ਕਰਵਾਉਣਾ ਹੈ। ਇਸ ਉਦੇਸ਼ ਨਾਲ ਪੀ.ਡਬਲਯੂ.ਡੀ, ਪੰਜਾਬ ਮੰਡੀ ਬੋਰਡ ਅਤੇ ਨਗਰ ਨਿਗਮ ਦੇ ਸਹਿਯੋਗ ਨਾਲ ਜ਼ਿਲ੍ਹਾ ਪੱਧਰ ’ਤੇ ਸੜਕ ਵਿਕਾਸ ਕੰਮ ਜੰਗੀ ਪੱਧਰ ’ਤੇ ਚਲਾਏ ਜਾ ਰਹੇ ਹਨ। ਉਨ੍ਹਾਂ ਅਧਿਕਾਰੀਆ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਨਿਰਮਾਣ ਕੰਮਾਂ ਦੀ ਗੁਣਵੱਤਾ, ਮਜ਼ਬੂਤੀ ਅਤੇ ਸਮਾਂਬੱਧਤਾ ਵਿਚ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜਕਾਂ ਵਿਕਾਸ ਦੀ ਧੁਰੀ ਹਨ ਅਤੇ ਇਨ੍ਹਾਂ ਦੀ ਗੁਣਵੱਤਾ ’ਤੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਜ਼ਿਲ੍ਹੇ ਦੇ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਰੇ ਨਿਰਮਾਣ ਕਾਰਜ ਸਰਕਾਰੀ ਮਾਪਦੰਡਾਂ ਅਤੇ ਵਿਭਾਗੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਪੂਰੇ ਕੀਤਾ ਜਾਣ।
ਆਸ਼ਿਕਾ ਜੈਨ ਨੇ ਦੱਸਿਆ ਕਿ ਉਪ-ਮੰਡਲ ਪੱਧਰ ’ਤੇ ਨਿਗਰਾਨ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਕੰਮਾਂ ਦੀ ਨਿਯਮਿਤ ਸਮੀਖਿਆ ਕਰਨਗੀਆਂ। ਪੇਂਡੂ ਹਲਕਿਆਂ ਵਿਚ ਇਨ੍ਹਾਂ ਕਮੇਟੀਆਂ ਦੀ ਪ੍ਰਧਾਨਗੀ ਸਬੰਧਤ ਐਸ.ਡੀ.ਐਮ ਕਰਨਗੇ, ਜਦਕਿ ਸ਼ਹਿਰੀ ਹਲਕੇ ਵਿਚ ਇਹ ਜ਼ਿੰਮੇਵਾਰੀ ਨਗਰ ਨਿਗਮ ਕਮਿਸ਼ਨਰ ਅਤੇ ਨਗਰ ਕੌਂਸਲਾਂ ਦੇ ਕਾਰਜਕਾਰੀ ਅਧਿਕਾਰੀ ਨਿਭਾਉਣਗੇ। ਇਨ੍ਹਾਂ ਕਮੇਟੀਆਂ ਨੂੰ ਨਿਯਮਿਤ ਤੌਰ 'ਤੇ ਪ੍ਰਗਤੀ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਪਾਰਦਰਸ਼ਤਾ ਅਤੇ ਜਵਾਬਦੇਹੀ ਯਕੀਨੀ ਬਣਾਈ ਜਾ ਸਕੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ