
ਬਟਾਲਾ, 10 ਨਵੰਬਰ (ਹਿੰ. ਸ.)। ਸਿਹਤ ਵਿਭਾਗ ਪੰਜਾਬ ਮਾਨਯੋਗ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਅਗਵਾਈ ਵਿੱਚ ਰਾਜ ਦੇ ਵਸਨੀਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਸਿਹਤ ਸੰਸਥਾਵਾਂ ਵਿੱਚ ਵਧੀਆਂ ਇਲਾਜ ਦੇਣ ਦੇ ਨਾਲ ਨਾਲ ਸਿਹਤ ਕਰਮੀ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਵੀ ਕਰ ਰਹੇ ਹਨ ਤਾਂ ਕਿ ਬਿਮਾਰੀ ਹੋਣ ਹੀ ਨਾ ਦਿੱਤੀ ਜਾਵੇ ਜਾਂ ਬਿਮਾਰੀ ਦੀ ਜਲਦੀ ਪਹਿਚਾਣ ਕਰਕੇ ਇਸ ਦਾ ਇਲਾਜ ਕੀਤਾ ਜਾ ਸਕੇ। ਡਾ. ਰੋਹਿਤ ਗੋਇਲ ਸਿਵਲ ਸਰਜਨ ਫਾਜਿਲਕਾ, ਡਾ. ਅਰਪਿਤ ਗੁਪਤਾ ਸਹਾਇਕ ਸਿਵਲ ਸਰਜਨ ਅਤੇ ਕਾਰਜਕਾਰੀ ਐਸ.ਐਮ.ਓ ਡਾ. ਸਨਮਾਨ ਮਾਜ਼ੀ ਦੀ ਦੇਖਰੇਖ ਵਿੱਚ ਅੱਜ ਨੈਸ਼ਨਲ ਕੈਂਸਰ ਜਾਗਰੂਕਤਾ ਦਿਵਸ ਦੇ ਮੌਕੇ ਤੇ ਪਿਛਲੇ ਦਿਨੀਂ ਡੀਏਵੀ ਬੀ.ਐਡ ਕਾਲਜ ਅਬੋਹਰ ਵਿਖੇ ਜਿਲ੍ਹਾ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਡਾਕਟਰ ਸੌਰਭ ਫੁਟੇਲਾ ਮੈਡੀਸਨ ਦੇ ਮਾਹਿਰ, ਪ੍ਰਿੰ. ਵਿਜੈ ਗਰੋਵਰ, ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ, ਮਨਬੀਰ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਕਾਲਜ ਸਟਾਫ ਤੋਂ ਡਾਕਟਰ ਰੀਮਾ ਪਾਹੂਜਾ, ਮਨੀਕਾ ਮੈਡਮ, ਹੋਰ ਸਟਾਫ ਅਤੇ ਵਿਦਿਆਰਥੀ ਮੌਜੂਦ ਸਨ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਡਾ. ਰੋਹਿਤ ਗੋਇਲ ਨੇ ਦੱਸਿਆ ਕਿ ਹਰੇਕ ਸਾਲ 7 ਨਵੰਬਰ ਨੂੰ ਨੈਸ਼ਨਲ ਕੈਂਸਰ ਜਾਗਰੂਕਤਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਸਮੂਹ ਸਿਹਤ ਸਟਾਫ਼ ਵੱਲੋਂ ਵੱਖ ਵੱਖ ਜਗ੍ਹਾ ਤੇ ਸਮਾਗਮ ਕਰਕੇ ਕੈਂਸਰ ਦੀ ਬਿਮਾਰੀ ਤੋਂ ਬਚਣ, ਇਲਾਜ ਅਤੇ ਪ੍ਰਹੇਜ਼ ਸਬੰਧੀ ਲੋਕਾਂ ਨੂੰ ਜਾਗਰੂਕ ਗਿਆ। ਉਹਨਾਂ ਦੱਸਿਆ ਕਿ ਜੇਕਰ ਅਸੀਂ ਕੈਂਸਰ ਦੀ ਜਲਦੀ ਪਛਾਣ ਕਰ ਲੈਂਦੇ ਹਾਂ ਤਾਂ ਇਸ ਦਾ ਇਲਾਜ ਸੰਭਵ ਹੈ। ਉਹਨਾਂ ਕਿਹਾ ਕਿ ਜੇਕਰ ਕੈਂਸਰ ਸਬੰਧੀ ਕੋਈ ਵੀ ਨਿਸ਼ਾਨੀਆਂ ਨਜ਼ਰ ਆਉਂਦੀਆਂ ਹਨ ਤਾਂ ਜਲਦੀ ਤੋਂ ਜਲਦੀ ਮਾਹਿਰ ਡਾਕਟਰ ਦੀ ਸਲਾਹ ਲਈ ਜਾਵੇ।
ਸੈਮੀਨਾਰ ਦੌਰਨ ਡਾ ਸੌਰਭ ਫੁਟੇਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਛਾਤੀ ਵਿੱਚ ਗਿਲਟੀ, ਲਗਾਤਾਰ ਖੰਘ ਅਤੇ ਅਵਾਜ਼ ਵਿੱਚ ਭਾਰੀਪਣ, ਮਾਹਵਾਰੀ ਵਿੱਚ ਜ਼ਿਆਦਾ ਖੂਨ ਆਉਣਾ, ਮੂੰਹ ਦੇ ਛਾਲੇ ਠੀਕ ਨਾ ਹੋਣਾ, ਭੁੱਖ ਘੱਟ ਲੱਗਣਾ, ਬਿਨ੍ਹਾਂ ਕਿਸੇ ਕਾਰਣ ਭਾਰ ਘਟਣਾ ਆਦਿ ਕੈਂਸਰ ਦੇ ਲੱਛਣ ਹੋ ਸਕਦੇ ਹਨ। ਸਾਨੂੰ ਕੈਂਸਰ ਦੇ ਮੁੱਢਲੇ ਲੱਛਣਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ, ਫਸਲਾਂ ਉਪਰ ਜ਼ਿਆਦਾ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਸ਼ਰਾਬ, ਤੰਬਾਕੂ, ਹੋਰ ਨਸ਼ੇ ਅਤੇ ਬੀੜੀ ਸਿਗਰੇਟ ਦੀ ਬਿਲਕੁਲ ਵਰਤੋਂ ਨਾ ਕਰੋ, ਸਮੇਂ ਸਿਰ ਮਾਹਿਰ ਡਾਕਟਰਾਂ ਤੋਂ ਚੈਕਅੱਪ ਕਰਵਾਉਣਾ ਚਾਹੀਦਾ ਹੈ। ਰੋਜ਼ਾਨਾ ਸੰਤੁਲਿਤ ਖੁਰਾਕ ਦੀ ਵਰਤੋਂ ਕਰੋ, ਸਰੀਰ ਦੇ ਕਿਸੇ ਵੀ ਹਿੱਸੇ ਦੀ ਗਿਲਟੀ ਜਾਂ ਰਸੋਲੀ ਨੂੰ ਸਧਾਰਣ ਨਹੀਂ ਲੈਣਾ ਚਾਹੀਦਾ, ਔਰਤਾਂ ਵਿੱਚ ਮਾਹਵਾਰੀ ਦੇ ਲੱਛਣ ਬਦਲਣ ਤੇ ਡਾਕਟਰ ਦੀ ਸਲਾਹ ਲਵੋ। ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖੋ ਅਤੇ ਜਿ਼ਆਦਾ ਚਰਬੀ ਵਾਲੇ ਭੋਜਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਤੰਬਾਕੂ ਅਤੇ ਤੰਬਾਕੂ ਤੋਂ ਬਣੇ ਪਦਾਰਥਾਂ ਦੀ ਵਰਤੋਂ ਕਰਨ ਨਾਲ ਸਰੀਰ ਦੇ ਕਿਸੇ ਵੀ ਅੰਗ ਦਾ ਕੈਂਸਰ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਵਿੱਚੋਂ ਲੱਗਭੱਗ 40 ਪ੍ਰਤੀਸ਼ਤ ਮੌਤਾਂ ਦਾ ਕਾਰਣ ਤੰਬਾਕੂ ਦੀ ਵਰਤੋਂ ਕਰਨਾ ਹੈ।
ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ ਅਤੇ ਮਨਬੀਰ ਸਿੰਘ ਡਿਪਟੀ ਮਾਸ ਮੀਡੀਆ ਅਫਸਰ ਨੇ ਦੱਸਿਆ ਕਿ ਇਸ ਬਿਮਾਰੀ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਤਹਿਤ ਸਾਰੇ ਮੈਡੀਕਲ ਕਾਲਜਾਂ (ਅੰਮ੍ਰਿਤਸਰ, ਫਰੀਦਕੋਟ, ਪਟਿਆਲਾ), ਪੰਜਾਬ ਸਾਰੇ ਸਰਕਾਰੀ ਹਸਪਤਾਲ, ਮੈਕਸ ਹਸਪਤਾਲ ਅਤੇ ਅਡਵਾਂਸ ਕੈਂਸਰ ਹਸਪਤਾਲ ਬਠਿੰਡਾ, ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ, ਏਮਜ਼ ਦਿੱਲੀ, ਪੀ.ਜੀ. ਆਈ. ਚੰਡੀਗੜ੍ਹ, ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਡੀ, ਅਚਾਰਿਆ ਤੁਲਸੀ ਰੀਜ਼ਨਲ ਕੈਂਸਰ ਸੈਂਟਰ ਬੀਕਾਨੇਰ ਤੋਂ ਇਲਾਵਾ ਮਾਨਤਾ ਪ੍ਰਾਪਤ ਪ੍ਰਾਈਵੇਟ ਹਸਪਤਾਲਾਂ ਡੀ ਐਮ ਸੀ ਅਤੇ ਸੀ ਐਮ ਸੀ ਲੁਧਿਆਣਾ, ਮੈਕਸ ਹਸਪਤਾਲ ਬਠਿੰਡਾ, ਓਸਵਾਲ ਹਸਪਤਾਲ ਲੁਧਿਆਣਾ, ਮੈਕਸ ਹਸਪਤਾਲ ਮੋਹਾਲੀ, ਆਈ ਵੀ ਵਾਈ ਮੋਹਾਲੀ, ਸ੍ਰੀ ਗੁਰੂ ਰਾਮ ਦਾਸ ਹਸਪਤਾਲ ਅੰਮ੍ਰਿਤਸਰ, ਪਟੇਲ ਹਸਪਤਾਲ ਜਲੰਧਰ, ਕੈਪੀਟਲ ਹਸਪਤਾਲ ਜਲੰਧਰ, ਸਹਿਗਲ ਇੰਸੀਚਿਊਟ ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ ਵੀ ਡੇਢ ਲੱਖ ਰੁਪਏ ਤੱਕ ਮੁਫਤ ਇਲਾਜ ਕਰਾਉਣ ਲਈ ਸਬੰਧਤ ਹਸਪਤਾਲਾਂ ਨੂੰ ਮਰੀਜ ਦੇ ਨਾਂ ਤੋਂ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਸਰਕਾਰੀ ਅਤੇ ਮਾਨਤਾ ਪ੍ਰਾਪਤ ਹਸਪਤਾਲਾਂ ਵਿੱਚ ਕੈਂਸਰ ਦੇ ਮਰੀਜ਼ਾਂ ਦਾ 5 ਲੱਖ ਤੱਕ ਦਾ ਇਲਾਜ ਮੁਫ਼ਤ ਕੀਤਾ ਜ਼ਾਦਾ ਹੈ। ਐਨ ਸੀ ਡੀ ਸਕੀਮ ਅਧੀਨ ਵੀ ਸਰਕਾਰੀ ਹਸਪਤਾਲਾਂ ਵਿੱਚ ਕੈਂਸਰ ਦੇ ਮਰੀਜਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਕਾਲਜ ਪ੍ਰਬੰਧਨ ਅਤੇ ਕਾਲਜ ਦੀ ਸਟੂਡੇਂਟ ਕੌਂਸਲ ਵੱਲੋਂ ਸਿਹਤ ਵਿਭਾਗ ਦੇ ਇਸ ਉਪਰਾਲੇ ਲਈ ਧੰਨਵਾਦ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ