
ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) 10 ਨਵੰਬਰ (ਹਿੰ. ਸ.)। ਭਾਰਤ ਦੇ ਲੋਹ-ਪੁਰਸ਼ ਅਤੇ ਰਾਸ਼ਟਰੀ ਏਕਤਾ ਦੇ ਪ੍ਰਮੁੱਖ ਸ਼ਿਲਪਕਾਰ ਸਰਦਾਰ ਵੱਲਭ ਭਾਈ ਪਟੇਲ ਦੇ 150ਵੀਂ ਜਨਮ ਸ਼ਤਾਬਦੀ ਦੇ ਜਸ਼ਨਾਂ ਤਹਿਤ ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵੱਲੋਂ ਉਹਨਾਂ ਦੀ ਵਿਰਾਸਤ ਨੂੰ ਯਾਦ ਕਰਦਿਆਂ ਏਕਤਾ ਮਾਰਚ (ਪਦਯਾਤਰਾ) ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਤੋਂ ਦੁਸ਼ਹਿਰਾ ਗਰਾਊਂਡ, ਖਰੜ ਤੱਕ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਰਕਸ਼ਾ ਕਿਰਨ ਦੀ ਅਗਵਾਈ ਹੇਠ ਉਪਰੋਕਤ ਮਾਰਚ ਵਿੱਚ 1000 ਨੌਜਵਾਨਾਂ ਨੇ ਹਿੱਸਾ ਲਿਆ। ਮਾਈ ਭਾਰਤ (ਮੇਰਾ ਭਾਰਤ) ਸਕੀਮ ਦੇ ਜ਼ਿਲ੍ਹਾ ਕੋਆਰਡੀਨੇਟਰ ਇਸ਼ਾ ਗੁਪਤਾ ਨੇ ਦੱਸਿਆ ਕਿ ਅੱਜ ਦੇ ਏਕਤਾ ਮਾਰਚ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ, ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ, ਖਾਲਸਾ ਸਕੂਲ ਖਰੜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਰੜ ਅਤੇ ਵੱਖ-ਵੱਖ ਸੰਸਥਾਵਾਂ ਦੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰਾਂ ਨੇ ਹਿੱਸਾ ਲਿਆ। ਏਕਤਾ ਮਾਰਚ ਦੀ ਸ਼ੁਰੂਆਤ ਕੈਪਟਨ ਮਨਤੇਜ ਚੀਮਾ, ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਸਹਿਬਜਾਦਾ ਅਜੀਤ ਸਿੰਘ ਨਗਰ, ਪ੍ਰੋ: ਗੁਰਬਖਸ਼ੀਸ਼ ਸਿੰਘ ਅਨਟਾਲ, ਨਾਇਬ ਤਹਿਸੀਲਦਾਰ, ਅਕਸ਼ੇ ਕੁਮਾਰ ਨੇ ਸ਼ਮਾ ਰੋਸ਼ਨ ਕਰਕੇ ਕੀਤੀ।
ਇਸ ਮੌਕੇ ਮੁੱਖ ਵਕਤਾ ਪ੍ਰੋ: ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਸਰਦਾਰ ਪਟੇਲ ਨੂੰ ਯਾਦ ਕਰਦਿਆਂ ਉਹਨਾਂ ਵੱਲੋਂ ਅਜ਼ਾਦੀ ਸਮੇਂ 500 ਤੋਂ ਵਧੇਰੇ ਰਿਆਸਤਾਂ ਨੂੰ ਮਨਾ ਕੇ ਅਖੰਡ ਭਾਰਤ ਦੇ ਨਿਰਮਾਣ ਅਤੇ ਬਤੌਰ ਪਹਿਲੇ ਉੱਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰਾਲੇ ਸਮੇਂ ਦੇ ਕਾਰਜਾਂ ਨੂੰ ਯਾਦ ਕਰਦਿਆਂ ਅਖੰਡ ਭਾਰਤ ਦੇ ਨਿਰਮਾਣ ਵਿੱਚ ਨਿਭਾਈ ਭੂਮਿਕਾ ਤੇ ਚਾਨਣਾ ਪਾਇਆ।
ਇਸ ਮੌਕੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਯੁੱਧ ਨਸ਼ਿਆਂ ਵਿਰੁੱਧ ਅਤੇ ਆਤਮ ਨਿਰਭਰ ਭਾਰਤ ਦੀ ਸਹੁੰ ਵੀ ਚੁਕਵਾਈ ਗਈ। ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ। ਕੈਪਟਨ ਮਨਜੋਤ ਸਿੰਘ ਚੀਮਾ ਵੱਲੋਂ ਏਕਤਾ ਮਾਰਚ ਨੂੰ ਝੰਡੀ ਦਿਖਾਕੇ ਰਵਾਨਾ ਕੀਤਾ। ਵਿਦਿਆਰਥੀਆਂ ਵੱਲੌ ਅਖੰਡ ਭਾਰਤ ਅਤੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਨੇ ਖਰੜ ਨੂੰ ਗੂੰਜਣ ਲਾ ਦਿੱਤਾ। ਇਸ ਮੌਕੇ ਰਾਸ਼ਟਰੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫਸਰ ਬਰਿੰਦਰ ਪ੍ਰਤਾਪ ਸਿੰਘ ਅਤੇ ਡਾ ਰਵਿੰਦਰ ਕੁਮਾਰ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ