
ਦਿੜ੍ਹਬਾ, 10 ਨਵੰਬਰ (ਹਿੰ. ਸ.)। ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਹਲਕਾ ਦਿੜ੍ਹਬਾ ਦੇ ਹਰੇਕ ਪਿੰਡ ਨੂੰ ਸ਼ਹਿਰਾਂ ਵਰਗੀਆਂ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਉਣਾ ਪਹਿਲੀ ਪ੍ਰਾਥਮਿਕਤਾ ਹੈ। ਅਗਲੇ ਡੇਢ ਸਾਲ ਵਿੱਚ ਹਲਕੇ ਦਾ ਕੋਈ ਵੀ ਪਿੰਡ ਇਹਨਾਂ ਸਹੂਲਤਾਂ ਤੋਂ ਵਾਂਝਾ ਨਹੀਂ ਰਹੇਗਾ। ਉਹ ਆਪਣੇ ਹਲਕੇ ਦੇ ਚਾਰ ਪਿੰਡਾਂ ਘਨੌਰ ਰਾਜਪੂਤਾਂ, ਸੰਤਪੁਰਾ, ਗਿਦੜਿਆਣੀ ਅਤੇ ਖੋਖਰ ਖੁਰਦ ਨੂੰ ਵਿਕਾਸ ਕਾਰਜਾਂ ਲਈ 1.28 ਕਰੋੜ ਰੁਪਏ ਦੇ ਵਿਕਾਸ ਚੈੱਕ ਦੇਣ ਲਈ ਵਿਸ਼ੇਸ਼ ਤੌਰ ਉੱਤੇ ਇਹਨਾਂ ਪਿੰਡਾਂ ਵਿੱਚ ਪਹੁੰਚੇ ਸਨ।
ਵੱਖ ਵੱਖ ਪਿੰਡਾਂ ਵਿੱਚ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਪੇਂਡੂ ਢਾਂਚੇ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਰੇਕ ਪਿੰਡ ਨੂੰ ਗਲੀਆਂ, ਨਾਲੀਆਂ, ਕੈਮਰੇ, ਲਾਈਟਾਂ ਅਤੇ ਸ਼ੈੱਡ ਬਣਵਾਉਣ ਲਈ ਪੈਸੇ ਜਾਰੀ ਕਰਨ ਦੇ ਨਾਲ ਨਾਲ ਆਧੁਨਿਕ ਸਹੂਲਤਾਂ ਨਾਲ ਲੈਸ ਖੇਡ ਸਟੇਡੀਅਮ ਹੋਰ ਸਾਰੀਆਂ ਜ਼ਰੂਰੀ ਸਹੂਲਤਾਂ ਦਿੱਤੀਆਂ ਜਾ ਸਕਣ। ਉਹਨਾਂ ਕਿਹਾ ਕਿ ਇਹ ਸਾਰੇ ਵਿਕਾਸ ਕਾਰਜ ਤੈਅ ਸਮਾਂ ਸੀਮਾ ਵਿੱਚ ਜਲਦ ਤੋਂ ਜਲਦ ਮੁਕੰਮਲ ਕਰਵਾਏ ਜਾਣਗੇ ਤਾਂ ਜੋ ਲੋਕ ਇਹਨਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ।
ਉਹਨਾਂ ਦੱਸਿਆ ਕਿ ਹਲਕਾ ਦਿੜ੍ਹਬਾ ਦੇ ਪਿੰਡ ਘਨੌਰ ਰਾਜਪੂਤਾਂ ਲਈ 40 ਲੱਖ ਰੁਪਏ, ਸੰਤਪੁਰਾ ਲਈ 18 ਲੱਖ ਰੁਪਏ, ਗਿਦੜਿਆਣੀ ਲਈ 40 ਲੱਖ ਰੁਪਏ ਅਤੇ ਖੋਖਰ ਖੁਰਦ ਲਈ 30 ਲੱਖ ਰੁਪਏ ਦੇ ਚੈੱਕ ਵੱਖ-ਵੱਖ ਵਿਕਾਸ ਕਾਰਜਾਂ ਲਈ ਵੰਡੇ ਗਏ ਹਨ। ਉਹਨਾਂ ਕਿਹਾ ਕਿ ਹਲਕੇ ਦੇ ਹੋਰ ਪਿੰਡਾਂ ਨੂੰ ਵੀ ਜਲਦ ਹੀ ਗ੍ਰਾਂਟਾਂ ਵੰਡੀਆਂ ਜਾਣੀਆਂ ਹਨ। ਉਹਨਾਂ ਜਿੱਥੇ ਉਕਤ ਪਿੰਡਾਂ ਦੇ ਨਿਵਾਸੀਆਂ ਨੂੰ ਵਧਾਈ ਦਿੱਤੀ ਉਥੇ ਹੀ ਭਵਿੱਖ ਵਿੱਚ ਵੀ ਹਰ ਤਰ੍ਹਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ ਦਾ ਭਰੋਸਾ ਦਿੱਤਾ। ਉਹਨਾਂ ਕਿਹਾ ਕਿ ਚੰਗਾ ਬੁਨਿਆਦੀ ਢਾਂਚਾ ਮਿਲਣ ਨਾਲ ਸਮੁੱਚੇ ਹਲਕਾ ਦਿੜ੍ਹਬਾ ਵਿੱਚ ਵਿਕਾਸ ਦੀ ਗਤੀ ਹੋਰ ਤੇਜ਼ ਹੋਵੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ