
ਬਾਘਾਪੁਰਾਣਾ (ਮੋਗਾ), 10 ਨਵੰਬਰ (ਹਿੰ. ਸ.)। ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਪੂਰਨ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਅੱਜ ਮੋਗਾ ਦੀ ਤਹਿਸੀਲ ਬਾਘਾਪੁਰਾਣਾ ਦੇ ਨਸੀਬ ਪੈਲੇਸ ਵਿੱਚ ਪਿੰਡ ਤੇ ਵਾਰਡ ਰੱਖਿਆ ਕਮੇਟੀਆਂ ਦੀ ਵਿਸ਼ਾਲ ਮੀਟਿੰਗ ਅਤੇ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਵਿੱਚ ਇਹਨਾਂ ਕਮੇਟੀਆਂ ਦੇ ਮੈਂਬਰਾਂ ਨੂੰ ਟ੍ਰੇਨਿੰਗ ਅਤੇ ਆਈ ਕਾਰਡ ਦਿੱਤੇ ਗਏ | ਸਬ ਡਿਵੀਸ਼ਨ ਬਾਘਾਪੁਰਾਣਾ ਅਧੀਨ 78 ਪੰਚਾਇਤਾਂ ਅਤੇ 15 ਵਾਰਡ ਆਉਂਦੇ ਹਨ ਅਤੇ ਜਿਸ ਦੇ ਕੁੱਲ 842 ਪਿੰਡ ਤੇ ਵਾਰਡ ਰੱਖਿਆ ਕਮੇਟੀਆਂ ਦੇ ਮੈਂਬਰ ਹਨ।
ਪ੍ਰੋਗਰਾਮ ਦੀ ਅਗਵਾਈ ਐਸ.ਡੀ.ਐਮ. ਸ੍ਰੀ ਬੇਅੰਤ ਸਿੰਘ ਸਿੱਧੂ ਨੇ ਕੀਤੀ, ਡੀ.ਐਸ.ਪੀ. ਦਲਬੀਰ ਸਿੰਘ ਸਿੱਧੂ, ਬੀ.ਡੀ.ਪੀ.ਓ ਕ੍ਰਿਸ਼ਨ ਸਿੰਘ, ਡਾ. ਖੁਸ਼ਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਬਾਘਾਪੁਰਾਣਾ, ਅੰਤਰਜੀਤ ਸਿੰਘ, ਗੁਰਪ੍ਰੀਤ ਸਿੰਘ, ਏਕਮ ਸਿੰਘ ਘੋਲੀਆ, ਨਗਰ ਕੌਂਸਲ ਦੇ ਪ੍ਰਧਾਨ, ਇਲਾਕੇ ਦੇ ਸਰਪੰਚਾਂ, ਨੰਬਰਦਾਰਾਂ, ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਮਾਜ ਸੇਵਕ ਵੱਡੀ ਗਿਣਤੀ ਵਿੱਚ ਮੌਜੂਦ ਸਨ। ਐਸ.ਡੀ.ਐਮ ਬੇਅੰਤ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਸ਼ਾ ਸਿਰਫ਼ ਇੱਕ ਵਿਅਕਤੀ ਨੂੰ ਤਬਾਹ ਨਹੀਂ ਕਰਦਾ, ਸਗੋਂ ਪੂਰੇ ਪਰਿਵਾਰ ਅਤੇ ਸਮਾਜ ਨੂੰ ਹੌਲੀ-ਹੌਲੀ ਅੰਦਰੋਂ ਖੋਖਲਾ ਕਰਦਾ ਹੈ। ਨਸ਼ਿਆਂ ਦੇ ਖ਼ਿਲਾਫ਼ ਲੜਾਈ ਸਰਕਾਰ, ਪੁਲਿਸ ਜਾਂ ਕਿਸੇ ਇੱਕ ਵਿਭਾਗ ਦੀ ਨਹੀਂ, ਸਗੋਂ ਸਮੂਹ ਲੋਕਾਂ ਦੀ ਸਾਂਝੀ ਜ਼ਿੰਮੇਵਾਰੀ ਹੈ। ਜੇ ਪਿੰਡ ਦਾ ਹਰ ਨੌਜਵਾਨ ਅਤੇ ਹਰ ਪਰਿਵਾਰ ਜ਼ਿੰਮੇਵਾਰੀ ਨਾਲ ਖੜਾ ਹੋ ਜਾਵੇ, ਤਾਂ ਨਸ਼ੇ ਜੜ੍ਹ ਤੋਂ ਖਤਮ ਕੀਤੇ ਜਾ ਸਕਦੇ ਹਨ।
ਡੀ.ਐਸ.ਪੀ ਦਲਬੀਰ ਸਿੰਘ ਸਿੱਧੂ ਨੇ ਨਸ਼ਾ ਤਸਕਰਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੁਲਿਸ ਦਿਨ-ਰਾਤ ਕਾਰਵਾਈ ਕਰ ਰਹੀ ਹੈ, ਪਰ ਨਸ਼ੇ ਦਾ ਜਾਲ ਤੋੜਨ ਲਈ ਲੋਕਾਂ ਦੀ ਸਹਿਯੋਗ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਨੇ ਸਪਸ਼ਟ ਕੀਤਾ ਕਿ “ਜੇ ਕਿਸੇ ਨੂੰ ਵੀ ਆਪਣੇ ਇਲਾਕੇ ਵਿੱਚ ਨਸ਼ਿਆਂ ਨਾਲ ਸੰਬੰਧਤ ਜਾਣਕਾਰੀ ਮਿਲਦੀ ਹੈ, ਤਾਂ ਉਹ ਤੁਰੰਤ ਪੁਲਿਸ ਨੂੰ ਬਿਨਾਂ ਕਿਸੇ ਡਰ ਦੇ ਸੂਚਨਾ ਦੇਣ। ਸੂਚਨਾ ਦੇਣ ਵਾਲੇ ਦਾ ਨਾਮ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।“ ਬੀ.ਡੀ.ਪੀ.ਓ ਕ੍ਰਿਸ਼ਨ ਸਿੰਘ ਨੇ ਪਿੰਡ ਪੱਧਰ ਵਾਰ ਕਮੇਟੀਆਂ ਦੇ ਗਠਨ ਦਾ ਖਾਕਾ ਪੇਸ਼ ਕਰਦਿਆਂ ਦੱਸਿਆ ਕਿ ਹਰ ਪਿੰਡ, ਸ਼ਹਿਰ ਕਸਬੇ ਵਿੱਚ 10 ਤੋਂ 20 ਮੈਂਬਰਾਂ ਦੀ ਯੁੱਧ ਨਸ਼ਿਆਂ ਵਿਰੁੱਧ ਕਮੇਟੀ ਬਣਾਈ ਗਈ ਹੈ|।ਇਸ ਕਮੇਟੀ ਵਿੱਚ ਪੰਚ-ਸਰਪੰਚ, ਰਿਟਾਇਰਡ ਸਕੂਲ ਅਧਿਆਪਕ, ਰਿਟਾਇਰਡ ਫੌਜੀ, ਸਮਾਜ ਸੇਵੀ, ਨੌਜਵਾਨਾਂ ਦੇ ਪ੍ਰਤੀਨਿਧੀ ਅਤੇ ਬਜ਼ੁਰਗ ਸ਼ਾਮਿਲ ਹਨ |
ਇਸ ਮੌਕੇ ਅੰਤਰਜੀਤ ਸਿੰਘ ਕੋਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਨੇ ਦਸਿਆ ਇਹ ਕਮੇਟੀਆਂ ਨਸ਼ਿਆਂ ਵਿਰੁੱਧ ਰੈਲੀਆਂ, ਨਾਟਕ, ਪੋਸਟਰ ਮੁਹਿੰਮਾਂ, ਸ਼ਹਿਰ, ਕਸਬੇ ਅਤੇ ਪਿੰਡ ਦੇ ਚੌਰਾਹਿਆਂ ‘ਤੇ ਜਾਗਰੂਕਤਾ ਬੈਨਰ ਲਗਾਉਣ, ਨਸ਼ੇਗ੍ਰਸਤ ਵਿਅਕਤੀਆਂ ਦੀ ਕਾਊਸਲਿੰਗ, ਅਤੇ ਉਨ੍ਹਾਂ ਨੂੰ ਡੀ-ਐਡੀਕਸ਼ਨ ਸੈਂਟਰਾਂ ਤੱਕ ਲੈ ਜਾ ਕੇ ਇਲਾਜ ਕਰਵਾਉਣ ਵਿੱਚ ਭੂਮਿਕਾ ਨਿਭਾਉਣਗੀਆਂ।ਡਾ. ਖੁਸ਼ਦੀਪ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਨੌਜਵਾਨ ਤੇਜ਼ ਰਫ਼ਤਾਰ ਜ਼ਿੰਦਗੀ ਦੀ ਹੋੜ ਵਿੱਚ ਕਈ ਵਾਰ ਨਸ਼ਿਆਂ ਵੱਲ ਵਧ ਰਹੇ ਹਨ, ਜੋ ਕੇਵਲ ਉਨ੍ਹਾਂ ਦੀ ਸਿਹਤ ਨਹੀਂ ਸਗੋਂ ਪੂਰੇ ਪਰਿਵਾਰ ਅਤੇ ਪਿੰਡ ਵਾਤਾਵਰਣ ਲਈ ਖਤਰਾ ਬਣ ਰਿਹਾ ਹੈ। ਇਸ ਲਈ ਲੋੜ ਹੈ ਕਿ ਪਿੰਡ ਪੱਧਰ ‘ਤੇ ਨੌਜਵਾਨਾਂ ਨੂੰ ਸਕਾਰਾਤਮਕ ਦਿਸ਼ਾ ਅਤੇ ਰੁਜ਼ਗਾਰਮੂਖੀ ਕਾਰਜਾਂ ਨਾਲ ਜੋੜਿਆ ਜਾਵੇ।
ਸਮਾਗਮ ਦੌਰਾਨ ਏਕਮ ਸਿੰਘ ਘੋਲੀਆ ਵੱਲੋਂ ਵਿਦਿਆਰਥੀਆਂ, ਮਹਿਲਾਵਾਂ ਅਤੇ ਨੌਜਵਾਨਾਂ ਦੀ ਭੂਮਿਕਾ ਨੂੰ ਸਭ ਤੋਂ ਮਹੱਤਵਪੂਰਨ ਦੱਸਿਆ ਗਿਆ ਕਿਉਂਕਿ ਨਸ਼ਿਆਂ ਦਾ ਪ੍ਰਭਾਵ ਸਭ ਤੋਂ ਵੱਧ ਨੌਜਵਾਨ ਪੀੜ੍ਹੀ ‘ਤੇ ਹੀ ਪੈਂਦਾ ਹੈ। ਇਸ ਲਈ ਹਰ ਘਰ, ਹਰ ਮਾਪੇ ਅਤੇ ਹਰ ਅਧਿਆਪਕ ਦਾ ਫਰਜ ਬਣਦਾ ਹੈ ਕਿ ਉਹ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਿਆਰ, ਜਾਗਰੂਕਤਾ ਅਤੇ ਸਹੀ ਰਹਿਨੁਮਾਈ ਦੇਣ। ਮੀਟਿੰਗ ਦੇ ਅੰਤ ਵਿੱਚ ਹਾਜ਼ਰ ਸਭ ਲੋਕਾਂ ਨੇ ਇਹ ਪ੍ਰਣ ਲਿਆ ਕਿ “ਅਸੀਂ ਆਪਣੇ ਪਿੰਡ ਅਤੇ ਇਲਾਕੇ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਹਰ ਸੰਭਵ ਯਤਨ ਕਰਾਂਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ