
ਬਰਨਾਲਾ, 11 ਨਵੰਬਰ (ਹਿੰ. ਸ.)। ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਡਿਪਟੀ ਕਮਿਸ਼ਨਰ ਟੀ ਬੈਨਿਥ ਦੀ ਅਗਵਾਈ ਹੇਠ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੇ ਗਏ ਲੱਕੀ ਡਰਾਅ (ਪਰਾਲੀ) ਦੇ ਤੀਜੇ ਡਰਾਅ ਦੇ ਜੇਤੂ ਕਿਸਾਨਾਂ ਨੂੰ ਸਰਟੀਫ਼ਿਕੇਟ ਵੰਡੇ ਗਏ।
ਇਸ ਮੌਕੇ ਜੇਤੂ ਕਿਸਾਨ ਵੀਰਾਂ ਨੇ ਪਰਾਲੀ ਪ੍ਰਬੰਧਨ ਸਬੰਧੀ ਆਪਣੇ ਤਜਰਬੇ ਡਿਪਟੀ ਕਮਿਸ਼ਨਰ ਅਤੇ ਖੇਤੀਬਾੜੀ ਸਟਾਫ਼ ਨਾਲ ਸਾਂਝੇ ਕੀਤੇ।
ਪਿੰਡ ਕੱਟੂ ਦੇ ਕਿਸਾਨ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 12 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ। ਉਹ ਮਲਚਰ ਅਤੇ ਹਲਾਂ ਨਾਲ ਕਣਕ ਦੀ ਬਿਜਾਈ ਕਰਦੇ ਹਨ ਅਤੇ ਉਨਾਂ ਨੂੰ ਕਦੇ ਕੋਈ ਸਮੱਸਿਆ ਨਹੀਂ ਆਈ। ਕਿਸਾਨ ਗੁਰਪ੍ਰੀਤ ਸਿੰਘ ਵਾਸੀ ਬਰਨਾਲਾ ਲਗਭਗ 8 ਸਾਲਾਂ ਤੋਂ 8 ਏਕੜ ਪਰਾਲੀ ਨੂੰ ਅੱਗ ਨਾ ਲਗਾ ਕੇ ਸੁਪਰ ਐਸ ਐਮ ਐਸ ਨਾਲ ਵਾਢੀ ਕਰਵਾ ਕੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰਦੇ ਹਨ। ਗੁਰਪ੍ਰੀਤ ਨੇ ਕਿਹਾ ਕਿ ਕਲੋਰੋ ਦਵਾਈ ਦੀ ਵਰਤੋਂ ਕਰਕੇ ਸੁੰਡੀ ਦੀ ਸਮੱਸਿਆ ਨੂੰ ਹੱਲ ਕੀਤਾ ਜਾਂਦਾ ਹੈ।
ਮਹਿਲ ਕਲਾਂ ਤੋਂ ਕਿਸਾਨ ਮਲਕੀਤ ਸਿੰਘ, ਜੋ ਲਗਭਗ 20 ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਆਲੂਆਂ ਦੀ ਬਿਜਾਈ ਕਰਦੇ ਹਨ, ਨੇ ਦੱਸਿਆ ਕਿ ਉਨ੍ਹਾਂ ਦੀ ਮਿੱਟੀ ਦੀ ਉਪਜਾਈ ਸ਼ਕਤੀ ਵਧੀ ਹੈ। ਜਿਥੇ ਉਹ 5 ਗੱਟੇ ਡੀ ਏ ਪੀ ਡੀ ਵਰਤੋਂ ਕਰਦੇ ਸਨ ਹੁਣ ਕੇਵਲ 2 ਗੱਟੇ ਡੀ ਏ ਪੀ ਦੇ ਲੱਗਦੇ ਹਨ।
ਪਿੰਡ ਮਨਾਲ ਦੇ ਸਰਪੰਚ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਖੁਦ ਅਤੇ ਪਿੰਡ ਦੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਤੇ ਪਿੰਡ ਮਨਾਲ ਪਿਛਲੇ ਕਈ ਸਾਲਾਂ ਤੋਂ ਜ਼ੀਰੋ ਬਰਨਿੰਗ ਪਿੰਡ ਰਿਹਾ ਹੈ। ਇਸੇ ਤਰ੍ਹਾਂ ਪਿੰਡ ਹਮੀਦੀ ਦੇ ਕਿਸਾਨ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ 8 ਸਾਲਾਂ ਤੋਂ 22 ਏਕੜ ਜ਼ਮੀਨ ਚ ਆਲੂਆਂ ਦੀ ਕਾਸ਼ਤ ਕਰਦੇ ਹਨ ਅਤੇ ਪਰਾਲੀ ਨੂੰ ਬਿਨਾਂ ਅੱਗ ਲਿਆਏ ਉਸ ਦਾ ਪ੍ਰਬੰਧਨ ਕਰਦੇ ਹਨ।
ਡਿਪਟੀ ਕਮਿਸ਼ਨਰ ਬਰਨਾਲਾ ਟੀ ਬੈਨਿਥ ਨੇ ਇਨ੍ਹਾਂ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ 7 ਲੱਖ ਰੁਪਏ ਦਾ ਲਕੀ ਡਰਾਅ ਸ਼ੁਰੂ ਕੀਤਾ ਗਿਆ ਹੈ । ਹਰ ਹਫਤੇ ਲਗਾਤਾਰ 1 ਲੱਖ ਰੁਪਏ 25 ਕਿਸਾਨਾਂ ਵਿੱਚ ਵੰਡਿਆ ਜਾ ਰਿਹਾ ਹੈ।
ਇਸ ਅਧੀਨ ਦੋ ਡਰਾਅ ਕੱਢੇ ਜਾ ਚੁੱਕੇ ਹਨ ਅਤੇ ਅੱਜ ਤੀਸਰੇ ਡਰਾਅ ਦੇ ਜੇਤੂਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਡਰਅ ਵਿੱਚ ਪਹਿਲਾਂ ਇਨਾਮ ਰਾਜਿੰਦਰ ਸਿੰਘ ਕੱਟੂ 20000 ਰੁਪਏ, ਦੂਜਾ ਇਨਾਮ ਗੁਰਪ੍ਰੀਤ ਸਿੰਘ ਬਰਨਾਲਾ ਨੂੰ 15000 ਰੁਪਏ ਤੇ ਤੀਸਰਾ ਇਨਾਮ ਮਲਕੀਤ ਸਿੰਘ ਮਹਿਲ ਕਲਾਂ ਨੂੰ 10000 ਰੁਪਏ ਨਿਕਲਿਆ ਹੈ ਤੇ ਬਾਕੀ 22 ਕਿਸਾਨਾਂ ਨੂੰ 2500—2500 ਰੁਪਏ ਇਨਾਮ ਨਿਕਲਿਆ ਹੈ।
ਕਿਸਾਨਾਂ ਨੇ ਲੱਕੀ ਡਰਾਅ (ਪਰਾਲੀ) ਲਈ ਡਿਪਟੀ ਕਮਿਸ਼ਨਰ ਬਰਨਾਲਾ ਦੇ ਸ਼ਲਾਘਾਯੋਗ ਕਦਮ ਲਈ ਕੀਤਾ ਧੰਨਵਾਦ ਕੀਤਾ। ਡਿਪਟੀ ਕਮਿਸ਼ਨਰ ਬਰਨਾਲਾ ਨੇ ਇਹਨਾਂ ਕਿਸਾਨਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਉਹ ਬਰਨਾਲਾ ਜ਼ਿਲ੍ਹੇ ਵਿੱਚ ਪਰਾਲ ਦੀ ਸੰਭਾਲ ਕਰਕੇ ਵਾਤਾਵਰਣ ਰਖਵਾਲੇ ਬਣੇ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ