
ਧੂਰੀ, 12 ਨਵੰਬਰ (ਹਿੰ. ਸ.)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਤੇ ਮਾਰਕੀਟ ਕਮੇਟੀ ਧੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਧੂਰੀ ਹਲਕੇ ਦੇ 59 ਪਿੰਡਾਂ ਵਿੱਚ 61 ਕਰੋੜ ਰੁਪਏ ਨਾਲ ਚੱਲ ਰਹੇ ਤੇ ਹੋਣ ਵਾਲੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਪਿੰਡਾਂ ਦੇ ਸਰਪੰਚਾਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਏ.ਡੀ.ਸੀ. (ਦਿਹਾਤੀ ਵਿਕਾਸ) ਸੁਖਚੈਨ ਸਿੰਘ ਵੀ ਮੌਜੂਦ ਸਨ। ਚੇਅਰਮੈਨ ਦਲਵੀਰ ਸਿੰਘ ਢਿੱਲੋਂ ਤੇ ਰਾਜਵੰਤ ਸਿੰਘ ਘੁੱਲੀ ਨੇ ਦੱਸਿਆ ਕਿ ਧੂਰੀ ਹਲਕੇ ਦੇ 59 ਪਿੰਡਾਂ ਵਿੱਚ 15 ਕਰੋੜ ਰੁਪਏ ਦੀ ਲਾਗਤ ਨਾਲ 369 ਵਿਕਾਸ ਕੰਮ ਮੁਕੰਮਲ ਹੋ ਚੁੱਕੇ ਹਨ ਤੇ 36 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ 680 ਵਿਕਾਸ ਕਾਰਜ ਚੱਲ ਰਹੇ ਹਨ ਅਤੇ ਆਉਂਦੇ ਦਿਨਾਂ ਵਿੱਚ 10 ਕਰੋੜ ਰੁਪਏ ਦੇ ਹੋਰ ਵਿਕਾਸ ਕਾਰਜ ਆਰੰਭ ਕੀਤੇ ਜਾਣਗੇ।
ਪਿੰਡ ਧਾਦਰਾ, ਕੌਲਸੇੜੀ, ਮੀਰਹੇੜੀ, ਹਰਚੰਪੁਰ, ਦੋਹਲਾ, ਮੱਲੂਮਾਜਰਾ, ਦੁਗਨੀ, ਧੂਰਾ, ਧੂਰੀ, ਮਾਨਵਾਲਾ, ਭੁੱਲਰਹੇੜੀ, ਕੰਧਾਰਗੜ੍ਹ, ਸਮੁੰਦਗੜ੍ਹ, ਜੱਖਲਾ, ਬੁਰਜ ਸੇਢਾ, ਮੀਮਸਾ ਜੈਨਪੁਰ, ਬੇਲੇਵਾਲ, ਭਸੌੜ, ਬਨਭੌਰੀ, ਬੱਬਨਪੁਰ, ਕਾਝਲੀ, ਕਾਝਲਾ, ਹਸਨਪੁਰ, ਚੀਮਾ, ਢਢੋਗਲ, ਖੇੜੀ ਜੱਟਾ, ਈਸੜਾ, ਮਾਨਾ, ਸੇਰਪੁਰ, ਸੋਢੀਆ, ਬਮਾਲ, ਬਰੜਵਾਲ,ਬੱਲਮਗੜ੍ਹ, ਬੰਗਾਵਾਲੀ, ਬਟੂਹਾ, ਬੇਨੜਾ, ਭੱਦਲਵੜ, ਭਲਵਾਨ, ਭੋਜੋਵਾਲੀ, ਬੁਗਰਾ, ਬੁਰਜ, ਗੋਹਰਾ, ਦੌਲਤਪੁਰ, ਈਸੀ, ਜਹਾਗੀਰ, ਜਾਤੀਮਾਜਰਾ, ਕਹੇਰੂ, ਕੱਕੜਵਾਲ, ਲੱਡਾ, ਲੋਹਾਰਮਾਜਰਾ ,ਨੱਤ, ਨਾਈਕ ਬਸਤੀ, ਪਲਾਸੌਰ, ਪੇਧਨੀ, ਪੁੰਨਾਵਾਲ, ਰਜਿੰਦਰਪੁਰੀ, ਰਾਜੋਮਾਜਰਾ, ਰਣੀਕੇ, ਰੁਲਦੂ ਸਿੰਘਵਾਲਾ ਦੇ ਸਰਪੰਚਾਂ ਨਾਲ ਮੀਟਿੰਗ ਕਰਦਿਆਂ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸੰਪੂਰਨ ਵਿਕਾਸ ਲਈ ਤੇਜ਼ੀ ਨਾਲ ਅੱਗੇ ਵਧਿਆ ਜਾ ਰਿਹਾ ਹੈ।
ਇਸ ਮੌਕੇ ਏਡੀਸੀ (ਪੇਂਡੂ ਵਿਕਾਸ) ਸੁਖਚੈਨ ਸਿੰਘ ਨੇ ਹਲਕੇ ਦੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਹਰ ਪਿੰਡ ਵਿੱਚ ਸੜਕਾਂ ਦੀ ਨਵੀਨੀਕਰਨ, ਨਿਕਾਸੀ ਪ੍ਰਣਾਲੀ ਦੇ ਸੁਧਾਰ, ਸਾਫ਼ ਪਾਣੀ ਦੀ ਉਪਲਬਧਤਾ, ਸਫ਼ਾਈ ਸਹੂਲਤਾਂ ਅਤੇ ਪਿੰਡਾਂ ਦੇ ਸੁੰਦਰੀਕਰਨ ਲਈ ਵਿਸ਼ੇਸ਼ ਯੋਜਨਾਵਾਂ ਤਹਿਤ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਸਬੰਧਤ ਅਧਿਕਾਰੀਆਂ ਨੂੰ ਕੰਮ ਦੀ ਗੁਣਵੱਤਾ ਵੱਲ ਵਿਸ਼ੇਸ਼ ਧਿਆਨ ਦੇਣ ਸਮੇਤ ਕੰਮ ਨੂੰ ਨਿਰਧਾਰਤ ਸਮੇਂ ਵਿੱਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਹਨਾਂ ਕਿਹਾ ਕਿ ਜਿਹੜੇ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ, ਉਹਨਾਂ ਦੇ ਵਰਤੋਂ ਸਰਟੀਫਿਕੇਟ ਤੁਰੰਤ ਜਮਾਂ ਕਰਵਾਏ ਜਾਣ ਤਾਂ ਜੋ ਹੋਰ ਨਵੇਂ ਵਿਕਾਸ ਕਾਰਜਾਂ ਲਈ ਫੰਡ ਜਾਰੀ ਕੀਤੇ ਜਾ ਸਕਣ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ