
ਬਟਾਲਾ, 12 ਨਵੰਬਰ (ਹਿੰ. ਸ.)। ਸਿਵਲ ਸਰਜਨ ਡਾ. ਰੋਹਿਤ ਗੋਇਲ ਦੇ ਨਿਰਦੇਸ਼ਾਂ, ਸਹਾਇਕ ਸਿਵਿਲ ਸਰਜਨ ਡਾ. ਅਰਪਿਤ ਗੁਪਤਾ ਅਤੇ ਜ਼ਿਲਾ ਐਪੀਡਿਮੈਲੋਜਿਸਟ ਡਾ. ਸੁਨੀਤਾ ਕੰਬੋਜ ਦੀ ਅਗਵਾਈ ਅਤੇ ਐਸ.ਐਮ.ਓ ਡਾ. ਸੁਮੀਤ ਸਿੰਘ ਅਤੇ ਮੈਡੀਕਲ ਅਫਸਰ ਡਾ. ਨਵੀਨ ਮਿੱਤਲ ਦੀ ਦੇਖ ਰੇਖ 'ਚ ਡੇਂਗੂ ਵਿਰੁੱਧ ਅਭਿਆਨ ਤਹਿਤ ਅੱਜ ਪਿੰਡ ਅਮਰਪੁਰਾ ਵਿਖੇ ਫੋਗਿੰਗ ਕਰਵਾਈ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਹਤ ਕਰਮੀਆਂ ਰਮਨ ਕੁਮਾਰ ਅਤੇ ਬਲਵਿੰਦਰ ਕੌਰ ਨੇ ਦੱਸਿਆ ਕਿ ਪਿੰਡ ਦੇ ਸਰਪੰਚ ਰਾਜੇਸ਼ ਕੁਮਾਰ ਅਤੇ ਪੰਚਾਇਤ ਵੱਲੋਂ ਸਿਹਤ ਵਿਭਾਗ ਦੇ ਸਹਿਯੋਗ ਨਾਲ ਪਿੰਡ ਵਿਖੇ ਡੇਂਗੂ ਵਿਰੋਧੀ ਗਤੀਵਿਧੀਆਂ ਦੇ ਤਹਿਤ ਫੋਗਿੰਗ ਕਰਵਾਈ ਗਈ। ਸਰਪੰਚ ਰਾਜੇਸ਼ ਕੁਮਾਰ ਅਤੇ ਸਿਹਤ ਕਰਮੀਆਂ ਨੇ ਦੱਸਿਆ ਕਿ ਸਟਾਫ ਵੱਲੋਂ ਲਗਾਤਾਰ ਸਰਵੇ ਕਰਕੇ ਲਾਰਵਾ ਚੈੱਕ ਕੀਤਾ ਜਾ ਰਿਹਾ ਹੈ ਅਤੇ ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਡੇਂਗੂ, ਚਿਕਨਗੁਨੀਆ, ਮਲੇਰੀਆ ਆਦਿ ਰੋਕਣ ਲਈ ਘਰਾਂ ਦੀਆਂ ਛੱਤਾਂ 'ਤੇ ਪਏ ਟਾਇਰਾਂ, ਟੁੱਟੇ ਭੱਜੇ ਬਰਤਨਾਂ, ਕੂਲਰਾਂ ਦੇ ਪਾਣੀ, ਕਬਾੜ ਦੀਆਂ ਦੁਕਾਨਾਂ 'ਤੇ ਪਏ ਕਬਾੜ ਆਦਿ ਨੂੰ ਖਾਲੀ ਕਰਕੇ ਸੁਕਾਉਣਾ ਚਾਹੀਦਾ ਹੈ। ਫਰਿੱਜ ਦੀ ਟਰੇ, ਮਨੀ ਪਲਾਂਟ ਵਾਲੀ ਬੋਤਲ ਦੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਖਾਲੀ ਕਰਕੇ ਸੁਕਾਉਣ ਉਪਰੰਤ ਦੁਬਾਰਾ ਪਾਣੀ ਭਰਨਾ ਚਾਹੀਦਾ ਹੈ। ਜੇਕਰ ਇੰਨ੍ਹਾਂ ਥਾਂਵਾਂ ਨੂੰ ਸਾਫ ਕਰਕੇ ਸੁਕਾਇਆ ਨਾ ਜਾਵੇ ਤਾਂ ਲਾਰਵਾ ਪੈਦਾ ਹੁੰਦਾ ਹੈ ਜੋ ਡੇਂਗੂ ਦੇ ਫੈਲਣ ਦਾ ਕਾਰਨ ਬਣਦਾ ਹੈ। ਡੇਂਗੂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਸਿਹਤ ਕਰਮੀਆਂ ਨੇ ਦੱਸਿਆ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਬੁਖਾਰ,ਉਲਟੀਆਂ,ਅੱਖਾਂ ਵਿਚ ਦਰਦ, ਜੋੜਾਂ ਅਤੇ ਹੱਡੀਆਂ ਵਿੱਚ ਦਰਦ ਆਦਿ ਦੇ ਲੱਛਣ ਹੋਣ ਤਾਂ ਨੇੜੇ ਦੀ ਸਿਹਤ ਸੰਸਥਾ 'ਚ ਜਾ ਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮੱਛਰ ਦੇ ਕੱਟਣ ਤੋਂ ਬਚਾਅ ਲਈ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਅਤੇ ਸੌਣ ਸਮੇਂ ਮੱਛਰਾਂ ਤੋਂ ਬਚਾਅ ਵਾਲੀਆਂ ਕਰੀਮਾਂ ਅਤੇ ਮੱਛਰਦਾਨੀਆਂ ਦਾ ਪ੍ਰਯੋਗ ਵੀ ਕੀਤਾ ਜਾਣਾ ਚਾਹੀਦਾ ਹੈ। ਬੁਖਾਰ ਹੋਣ ਦੀ ਸੂਰਤ ਵਿੱਚ ਪੈਰਾਸਿਟਾਮੋਲ ਦੀ ਗੋਲੀ ਲੈਣੀ ਚਾਹੀਦੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ