
ਚੰਡੀਗੜ੍ਹ, 13 ਨਵੰਬਰ (ਹਿੰ. ਸ.)। ਚੰਡੀਗੜ੍ਹ ਨਗਰ ਨਿਗਮ ਨੇ ਮੌਲੀ ਜਾਗਰਾਂ ਸਥਿਤ ਨਰਸਰੀ ਸਾਈਟ ਨੰਬਰ 3 ਦੀ ਲੀਜ਼ ਐਕਸਟੈਨਸ਼ਨ ਰੱਦ ਕਰਦੇ ਹੋਏ ਨਰਸਰੀ ਨੂੰ ਤੁਰੰਤ ਨਿਗਮ ਦੇ ਅਧੀਨ ਲੈਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਇਹ ਫ਼ੈਸਲਾ ਨਗਰ ਨਿਗਮ ਦੀ 354ਵੀਂ ਹਾਊਸ ਮੀਟਿੰਗ ਦੌਰਾਨ 3 ਨਵੰਬਰ 2025 ਨੂੰ ਲਿਆ ਗਿਆ ਸੀ, ਜਿਸ ਵਿਚ ਐਕਸਟੈਨਸ਼ਨ ਪ੍ਰਸਤਾਵ ਨੂੰ ਖ਼ਾਰਜ ਕਰ ਦਿੱਤਾ ਗਿਆ ਸੀ ਅਤੇ ਸਾਰੀਆਂ ਨਰਸਰੀ ਸਾਈਟਾਂ ਨੂੰ ਤੁਰੰਤ ਨਿਗਮ ਦੇ ਹਵਾਲੇ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ।
ਨਗਰ ਨਿਗਮ ਦੇ ਅਸਟੇਟ ਬ੍ਰਾਂਚ ਵਲੋਂ ਜਾਰੀ ਪੱਤਰ ਅਨੁਸਾਰ ਪੰਚਕੂਲਾ ਵਾਸੀ ਅਮਿਤ ਅੱਗਰਵਾਲ ਨੂੰ ਦਿੱਤੀ ਗਈ ਨਰਸਰੀ ਸਾਈਟ ਨੰਬਰ 3 ਮੌਲੀ ਜਾਗਰਾਂ ਦੀ 31 ਮਾਰਚ 2026 ਤੱਕ ਦੀ ਐਕਸਟੈਨਸ਼ਨ ਹੁਣ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੀ ਗਈ ਹੈ। ਹੁਕਮਾਂ ਅਨੁਸਾਰ ਉਕਤ ਸਾਈਟ ਦਾ ਕਬਜ਼ਾ ਤੁਰੰਤ ਨਿਗਮ ਦੇ ਹਵਾਲੇ ਕਰਨ ਲਈ ਕਿਹਾ ਗਿਆ ਹੈ। ਇਹ ਆਦੇਸ਼ ਨਿਗਮ ਦੇ ਸੰਯੁਕਤ ਕਮਿਸ਼ਨਰ-II ਵਲੋਂ ਨਿਗਮ ਕਮਿਸ਼ਨਰ ਦੀ ਮਨਜ਼ੂਰੀ ਨਾਲ 4 ਨਵੰਬਰ 2025 ਨੂੰ ਜਾਰੀ ਕੀਤੇ ਗਏ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ