
ਮਾਲੇਰਕੋਟਲਾ, 16 ਨਵੰਬਰ (ਹਿੰ. ਸ.)। ਪੰਜਾਬ ਸਰਕਾਰ ਵੱਲੋਂ ਸੂਬੇ ਦੀ ਅਮੀਰ ਵਿਰਾਸਤ, ਸੱਭਿਆਚਾਰ ਅਤੇ ਸੈਰ-ਸਪਾਟਾ ਖੇਤਰ ਨੂੰ ਹੋਰ ਉੱਚਾਈਆਂ ‘ਤੇ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨਾਂ ਅਧੀਨ, ਮਾਲੇਰਕੋਟਲਾ ਵਿੱਚ ਦੂਜੀ ਵਾਰ ਸੂਫ਼ੀ ਫੈਸਟੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਮਹਾ-ਸਮਾਗਮ 11 ਤੋਂ 13 ਦਸੰਬਰ 2025 ਤੱਕ ਸਥਾਨ ਸਰਕਾਰੀ ਕਾਲਜ, ਵਿਖੇ ਹੋਵੇਗਾ।
ਇਸ ਸੰਬੰਧੀ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਦੱਸਿਆ ਕਿ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਹੋਣ ਵਾਲੇ ਇਸ ਸੂਫ਼ੀ ਫੈਸਟੀਵਲ ਵਿੱਚ ਮਾਲੇਰਕੋਟਲਾ ਦੀ ਸੱਭਿਆਚਾਰਕ ਵਿਰਾਸਤ ਦੇ ਹਰ ਪਹਿਲੂ ਨੂੰ ਰੂਬਰੂ ਕਰਵਾਇਆ ਜਾਵੇਗਾ। ਇਸ ਦੌਰਾਨ ਨਾਮਵਰ ਕਲਾਕਾਰਾਂ ਦੇ ਨਾਲ ਨਾਲ ਮਾਲੇਰਕੋਟਲਾ ਦੇ ਸਥਾਨਕ ਫ਼ਨਕਾਰਾਂ ਨੂੰ ਵੀ ਮੰਚ ਮਿਲੇਗਾ, ਜੋ ਆਪਣੇ ਪ੍ਰਤਿਭਾ ਦੇ ਜੋਹਰ ਦਿਖਾਉਣਗੇ।
ਉਨ੍ਹਾਂ ਨੇ ਸਾਰੇ ਅਧਿਕਾਰੀਆਂ ਨੂੰ ਸਮੇਂ ਸਿਰ ਤਿਆਰੀਆਂ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੁਲਿਸ ਪ੍ਰਸ਼ਾਸਨ ਨੂੰ ਸੁਰੱਖਿਆ ਅਤੇ ਟਰੈਫ਼ਿਕ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਕਿਹਾ ਗਿਆ, ਜਦਕਿ ਹੋਰ ਵਿਭਾਗਾਂ ਨੂੰ ਸਫ਼ਾਈ, ਬਿਜਲੀ, ਰੋਸ਼ਨੀ, ਪੀਣ ਵਾਲੇ ਪਾਣੀ ਅਤੇ ਪਾਰਕਿੰਗ ਦੀ ਵਿਵਸਥਾ ਸੁਚਾਰੂ ਬਣਾਈ ਰੱਖਣ ਲਈ ਨਿਰਦੇਸ਼ ਦਿੱਤੇ ਗਏ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਸ ਸਮਾਗਮ ਦੌਰਾਨ ਪ੍ਰਦਰਸ਼ਨੀ ਦੇ ਨਾਲ ਰਵਾਇਤੀ ਲੋਕਲ ਖਾਣੇ-ਪੀਣੇ ਦੇ ਸਟਾਲ ਵੀ ਲਗਾਏ ਜਾਣਗੇ, ਤਾਂ ਜੋ ਸੈਲਾਨੀ ਮਾਲੇਰਕੋਟਲਾ ਦੇ ਜਾਇਕਿਆਂ ਅਤੇ ਵਿਰਾਸਤ ਨਾਲ ਜਾਣੂ ਹੋ ਸਕਣ। ਉਨ੍ਹਾਂ ਨੇ ਆਖਿਰ ਵਿੱਚ ਕਿਹਾ ਕਿ ਸੂਫ਼ੀ ਫੈਸਟੀਵਲ ਦੌਰਾਨ ਹਰ ਨਿਵਾਸੀ, ਕਲਾ ਪ੍ਰੇਮੀ ਅਤੇ ਸੈਲਾਨੀ ਇਸ ਰੰਗਲੇ ਸਮਾਗਮ ਦਾ ਅਨੰਦ ਮਾਣ ਸਕਣਗੇ।”
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ