
ਟੂਰਿਨ, 17 ਨਵੰਬਰ (ਹਿੰ.ਸ.)। ਸਾਲ 2025 ਵਿੱਚ ਸਿਨਕਾਰਾਜ਼ ਮੁਕਾਬਲੇ ਦੇ ਫਾਈਨਲ ਮੈਚ ਵਿੱਚ ਜੈਨਿਕ ਸਿਨਰ ਨੇ ਜਿੱਤ ਪ੍ਰਾਪਤ ਕੀਤੀ। ਵਿਸ਼ਵ ਦੇ ਦੂਜੇ ਨੰਬਰ ਦੇ ਸਿਨਰ ਨੇ ਐਤਵਾਰ ਦੇਰ ਰਾਤ ਨੂੰ ਏਟੀਪੀ ਫਾਈਨਲਜ਼ ਦਾ ਖਿਤਾਬ ਜਿੱਤਣ ਲਈ ਚੋਟੀ ਦਾ ਦਰਜਾ ਪ੍ਰਾਪਤ ਕਾਰਲੋਸ ਅਲਕਰਾਜ਼ ਨੂੰ 7-6(4), 7-5 ਨਾਲ ਹਰਾਇਆ। ਇਸ ਸਾਲ ਦੋਵਾਂ ਵਿਚਕਾਰ ਇਹ ਛੇਵਾਂ ਮੁਲਾਬਲਾ ਸੀ।
ਸਿਨਰ ਨੇ ਆਪਣੇ ਘਰੇਲੂ ਇਤਾਲਵੀ ਦਰਸ਼ਕਾਂ ਦੇ ਸਾਹਮਣੇ ਆਪਣਾ ਲਗਾਤਾਰ ਦੂਜਾ ਏਟੀਪੀ ਫਾਈਨਲਜ਼ ਖਿਤਾਬ ਜਿੱਤਿਆ। ਇਸ ਸਾਲ ਅਲਕਰਾਜ਼ ਵਿਰੁੱਧ ਇਹ ਉਨ੍ਹਾਂ ਦੀ ਸਿਰਫ਼ ਦੂਜੀ ਜਿੱਤ ਹੈ - ਉਨ੍ਹਾਂ ਦੀ ਪਹਿਲੀ ਜਿੱਤ ਵਿੰਬਲਡਨ ਫਾਈਨਲ ਵਿੱਚ ਆਈ ਸੀ। ਸਿਨਰ ਨੇ ਕਿਹਾ, ਇਹ ਇੱਕ ਸ਼ਾਨਦਾਰ ਸੀਜ਼ਨ ਰਿਹਾ। ਆਪਣੇ ਇਤਾਲਵੀ ਪ੍ਰਸ਼ੰਸਕਾਂ ਦੇ ਸਾਹਮਣੇ ਇਸਨੂੰ ਇਸ ਤਰ੍ਹਾਂ ਖਤਮ ਕਰਨਾ ਮੇਰੇ ਲਈ ਬਹੁਤ ਖਾਸ ਹੈ।
ਅਲਕਰਾਜ਼ ਨੇ ਪਹਿਲਾਂ ਹੀ ਸਾਲ ਦੇ ਅੰਤ ਵਿੱਚ ਨੰਬਰ 1 ਰੈਂਕਿੰਗ ਪ੍ਰਾਪਤ ਕਰ ਲਈ ਸੀ ਅਤੇ ਪਹਿਲੀ ਵਾਰ ਏਟੀਪੀ ਫਾਈਨਲਜ਼ ਟਾਈਟਲ ਮੈਚ ਵਿੱਚ ਖੇਡ ਰਹੇ ਸੀ। ਅਲਕਰਾਜ਼ ਅਜੇ ਵੀ ਕੁੱਲ ਕਰੀਅਰ ਮੀਟਿੰਗਾਂ ਵਿੱਚ ਵੀ 10-6 ਨਾਲ ਅੱਗੇ ਹਨ। ਦੋਵੇਂ ਖਿਡਾਰੀ ਇਸ ਸਾਲ ਦੇ ਸਾਰੇ ਤਿੰਨੋਂ ਗ੍ਰੈਂਡ ਸਲੈਮ ਫਾਈਨਲਾਂ ਵਿੱਚ ਇੱਕ-ਦੂਜੇ ਦੇ ਸਾਹਮਣੇ ਆਏ।
ਫ੍ਰੈਂਚ ਓਪਨ: ਅਲਕਾਰਾਜ਼ ਨੇ ਪੰਜਵੇਂ ਸੈੱਟ ਦੇ ਟਾਈਬ੍ਰੇਕ ਵਿੱਚ ਜਿੱਤ ਪ੍ਰਾਪਤ ਕੀਤੀ।
ਵਿੰਬਲਡਨ: ਸਿੰਨਰ ਨੇ ਜਿੱਤ ਨਾਲ ਬਦਲਾ ਲਿਆ।
ਯੂਐਸ ਓਪਨ: ਅਲਕਰਾਜ਼ ਨੇ ਫਿਰ ਜਿੱਤ ਪ੍ਰਾਪਤ ਕੀਤੀ।
ਦੋਵੇਂ ਇਟਾਲੀਅਨ ਓਪਨ ਅਤੇ ਸਿਨਸਿਨਾਟੀ ਓਪਨ ਦੇ ਫਾਈਨਲ ਵਿੱਚ ਵੀ ਭਿੜੇ ਸਨ, ਜਿਸ ਵਿੱਚ ਅਲਕਾਰਜ਼ ਦੋਵੇਂ ਵਾਰ ਜੇਤੂ ਰਹੇ (ਸਿਨਸਿਨਾਟੀ ਵਿੱਚ ਸਿਨਰ ਬਿਮਾਰੀ ਕਾਰਨ ਰਿਟਾਇਰ ਹੋ ਗਏ ਸੀ)।
ਸਿਨਰ ਨੇ ਇਸ ਸਾਲ ਆਸਟ੍ਰੇਲੀਅਨ ਓਪਨ ਵੀ ਜਿੱਤਿਆ - ਜਿੱਥੇ ਉਨ੍ਹਾਂ ਨੇ ਫਾਈਨਲ ਵਿੱਚ ਅਲੈਗਜ਼ੈਂਡਰ ਜ਼ਵੇਰੇਵ ਨੂੰ ਹਰਾਇਆ। ਇਸ ਤਰ੍ਹਾਂ, ਦੋਵਾਂ ਨੇ 2025 ਵਿੱਚ ਦੋ-ਦੋ ਵੱਡੇ ਖਿਤਾਬ ਜਿੱਤੇ ਹਨ। ਕੁੱਲ ਮਿਲਾ ਕੇ, ਅਲਕਰਾਜ਼ ਦੇ ਨਾਮ ਛੇ, ਅਤੇ ਸਿਨਰ ਦੇ ਨਾਮ ਚਾਰ ਗ੍ਰੈਂਡ ਸਲੈਮ ਹਨ।
ਪਹਿਲੇ ਸੈੱਟ ਵਿੱਚ ਹੀ ਦਰਸ਼ਕ ਓਲੇ, ਓਲੇ, ਓਲੇ, ਓਲੇ; ਸਿਨ-ਨਰ, ਸਿਨ-ਨਰ! ਦੇ ਨਾਅਰਿਆਂ ਨਾਲ ਗੂੰਜੇ। ਇੱਕ ਦਰਸ਼ਕ ਤਾਂ ਸਿਨਰ ਨੂੰ ਇੱਕ ਸੰਤ ਵਜੋਂ ਦਰਸਾਉਂਦਾ ਪੋਸਟਰ ਵੀ ਲੈ ਕੇ ਆਇਆ ਸੀ।
ਪਹਿਲੇ ਸੈੱਟ ਵਿੱਚ 5-6 ਦੇ ਸਕੋਰ 'ਤੇ, ਸਿਨਰ ਨੇ ਸੈੱਟ ਪੁਆਇੰਟ ਬਚਾਇਆ ਅਤੇ ਟਾਈਬ੍ਰੇਕ ਵਿੱਚ ਸ਼ਾਨਦਾਰ ਲਾਬ ਸ਼ਾਟ ਨਾਲ ਲੀਡ ਲੈ ਲਈ, ਜਿਸ ਤੋਂ ਬਾਅਦ ਉਨ੍ਹਾਂ ਨੇ ਸੈੱਟ ਜਿੱਤ ਲਿਆ। ਅਲਕਾਰਜ਼ ਨੂੰ ਆਪਣੇ ਸੱਜੇ ਪੱਟ 'ਤੇ ਦੋ ਵਾਰ ਡਾਕਟਰੀ ਇਲਾਜ ਦੀ ਵੀ ਲੋੜ ਪਈ ਅਤੇ ਪਹਿਲੇ ਸੈੱਟ ਤੋਂ ਬਾਅਦ ਇਸਨੂੰ ਟੇਪ ਕੀਤਾ ਗਿਆ।
ਦੂਜੇ ਸੈੱਟ ਦੇ ਸ਼ੁਰੂ ਵਿੱਚ ਅਲਕਰਾਜ਼ ਨੇ ਬ੍ਰੇਕ ਕੀਤਾ, ਪਰ ਸਿਨਰ ਨੇ 3-3 ਨਾਲ ਵਾਪਸੀ ਕੀਤੀ। ਇਸ ਤੋਂ ਬਾਅਦ ਸਿਨਰ ਨੇ ਇੱਕ ਲੰਬੀ ਰੈਲੀ ਜਿੱਤੀ, ਜਿਸ ਨਾਲ ਭੀੜ ਹੋਰ ਰੌਲਾ ਪਾਉਣ ਲੱਗੀ। ਅੰਤ ਵਿੱਚ, ਜਦੋਂ ਅਲਕਰਾਜ਼ ਦਾ ਬੈਕਹੈਂਡ ਵਾਈਡ ਹੋ ਗਿਆ, ਤਾਂ ਸਿਨਰ ਨੇ ਮੈਚ ਜਿੱਤ ਲਿਆ ਅਤੇ ਕੋਰਟ 'ਤੇ ਲੇਟ ਕੇ ਜਸ਼ਨ ਮਨਾਇਆ।
ਇਹ ਏਟੀਪੀ ਫਾਈਨਲਜ਼ ਵਿੱਚ ਸਿਨਰ ਦੀ ਲਗਾਤਾਰ 10ਵੀਂ ਜਿੱਤ ਹੈ- ਅਤੇ ਉਨ੍ਹਾਂ ਨੇ ਉਨ੍ਹਾਂ ਵਿੱਚੋਂ ਕਿਸੇ ਵੀ ਮੈਚ ਵਿੱਚ ਇੱਕ ਵੀ ਸੈੱਟ ਨਹੀਂ ਹਾਰਿਆ ਹੈ। ਇਨਡੋਰ ਹਾਰਡ ਕੋਰਟ 'ਤੇ ਉਨ੍ਹਾਂ ਦੀ ਜਿੱਤ ਦਾ ਸਿਲਸਿਲਾ 31 ਮੈਚਾਂ ਤੱਕ ਪਹੁੰਚ ਗਿਆ ਹੈ। ਡਬਲਜ਼ ਫਾਈਨਲ ਵਿੱਚ, ਹੈਰੀ ਹੇਲੀਓਵਾਰਾ ਅਤੇ ਹੈਨਰੀ ਪੇਟਨ ਨੇ ਜੋ ਸੈਲਿਸਬਰੀ ਅਤੇ ਨੀਲ ਸਕੁਪਸਕੀ ਨੂੰ 7-5, 6-3 ਨਾਲ ਹਰਾਇਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ