

ਢਾਕਾ, 18 ਨਵੰਬਰ (ਹਿੰ.ਸ.)। ਬੰਗਲਾਦੇਸ਼ ਦੇ ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ-1 ਵੱਲੋਂ ਸੋਮਵਾਰ ਨੂੰ ਪਿਛਲੇ ਸਾਲ ਦੇ ਵਿਦਿਆਰਥੀ ਵਿਦਰੋਹ 'ਤੇ ਘਾਤਕ ਕਾਰਵਾਈ ਵਿੱਚ ਮਨੁੱਖਤਾ ਵਿਰੁੱਧ ਅਪਰਾਧਾਂ ਲਈ ਗੱਦੀਓਂ ਲਾਹੀ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਮੌਤ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਦੇਸ਼ ’ਚ ਅਸ਼ਾਂਤੀ ਫੈਲ ਗਈ। ਢਾਕਾ ਵਿੱਚ ਵਿਆਪਕ ਹਿੰਸਾ ਫੈਲ ਗਈ ਹੈ। ਸਥਿਤੀ ਨੂੰ ਕਾਬੂ ਕਰਨ ਲਈ ਕਈ ਥਾਵਾਂ 'ਤੇ ਫੌਜ ਨੂੰ ਤਾਇਨਾਤ ਕਰਨਾ ਪਿਆ ਹੈ।
ਢਾਕਾ ਟ੍ਰਿਬਿਊਨ ਅਖਬਾਰ ਵਿੱਚ ਦੇਰ ਰਾਤ ਦੀ ਰਿਪੋਰਟ ਦੇ ਅਨੁਸਾਰ, ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ ਢਾਕਾ ਦੇ ਧਨਮੰਡੀ 32 ਵਿੱਚ ਸ਼ੇਖ ਹਸੀਨਾ ਦੇ ਸਵਰਗੀ ਪਿਤਾ, ਸ਼ੇਖ ਮੁਜੀਬੁਰ ਰਹਿਮਾਨ ਦੇ ਇਤਿਹਾਸਕ ਘਰ ਦੀ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਨੇ ਇਨਕਾਰ ਕਰ ਦਿੱਤਾ, ਤਾਂ ਹਿੰਸਕ ਟਕਰਾਅ ਸ਼ੁਰੂ ਹੋ ਗਿਆ। ਫੈਸਲੇ ਤੋਂ ਬਾਅਦ, ਢਾਕਾ ਦੇ ਇੱਕ ਕਾਲਜ ਦੇ ਦਰਜਨਾਂ ਵਿਦਿਆਰਥੀ ਦੋ ਬੁਲਡੋਜ਼ਰ ਲੈ ਕੇ ਪਹੁੰਚੇ ਅਤੇ ਲਾਊਡਸਪੀਕਰ 'ਤੇ ਐਲਾਨ ਕੀਤਾ ਕਿ ਉਹ ਬੰਗਬੰਧੂ ਦੇ ਘਰ ਦੇ ਬਾਕੀ ਹਿੱਸਿਆਂ ਨੂੰ ਜ਼ਮੀਦੋਜ਼ ਕਰ ਦੇਣਗੇ। ਇਸ ਤੋਂ ਬਾਅਦ ਤੁਰੰਤ ਫੌਜ ਨੂੰ ਤਾਇਨਾਤ ਕਰ ਦਿੱਤਾ ਗਿਆ। ਸੁਰੱਖਿਆ ਬਲਾਂ ਨੇ ਆਲੇ-ਦੁਆਲੇ ਦੀਆਂ ਸਾਰੀਆਂ ਸੜਕਾਂ ਨੂੰ ਸੀਲ ਕਰ ਦਿੱਤਾ।ਰਿਪੋਰਟਾਂ ਅਨੁਸਾਰ, ਪੁਲਿਸ ਨੇ ਬੈਰੀਕੇਡ ਤੋੜਨ ’ਤੇ ਉਤਾਰੂ ਭੀੜ ਨੂੰ ਖਿੰਡਾਉਣ ਲਈ ਲਾਠੀਚਾਰਜ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ। ਇੱਕ ਸਥਾਨਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਕਿਸੇ ਨੂੰ ਵੀ ਬੰਗਬੰਧੂ ਦੇ ਘਰ ਦੇ ਨੇੜੇ ਜਾਣ ਦੀ ਇਜਾਜ਼ਤ ਨਹੀਂ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹਸੀਨਾ ਦੀ ਸਰਕਾਰ ਨੂੰ ਹਟਾਉਣ ਤੋਂ ਬਾਅਦ ਭੀੜ ਨੇ ਇਸ ਘਰ ਨੂੰ ਅੰਸ਼ਕ ਤੌਰ 'ਤੇ ਸਾੜ ਦਿੱਤਾ ਸੀ। ਸੋਮਵਾਰ ਸ਼ਾਮ ਨੂੰ, ਲਗਭਗ 300 ਪ੍ਰਦਰਸ਼ਨਕਾਰੀ ਦੁਬਾਰਾ ਇਕੱਠੇ ਹੋਏ ਅਤੇ ਟਾਇਰ ਸਾੜਨੇ ਸ਼ੁਰੂ ਕਰ ਦਿੱਤੇ। ਸੁਰੱਖਿਆ ਬਲਾਂ ਨੂੰ ਉਨ੍ਹਾਂ ਨੂੰ ਖਿੰਡਾਉਣ ਲਈ ਸੰਘਰਸ਼ ਕਰਨਾ ਪਿਆ।
ਦੇਸ਼ ਦੇ ਸੁਪਰੀਮ ਕੋਰਟ ਕੰਪਲੈਕਸ ਵਿੱਚ ਸਥਾਪਤ ਟ੍ਰਿਬਿਊਨਲ ਵੱਲੋਂ ਆਪਣਾ ਫੈਸਲਾ ਸੁਣਾਏ ਜਾਣ ਤੋਂ ਬਾਅਦ ਬੰਗਲਾਦੇਸ਼ ਵਿੱਚ ਜਸ਼ਨ ਅਤੇ ਹਿੰਸਾ ਦੋਵੇਂ ਦੇਖਣ ਨੂੰ ਮਿਲੇ। ਰਾਜਧਾਨੀ ਅਤੇ ਹੋਰ ਸ਼ਹਿਰਾਂ ਦੇ ਕੁਝ ਹਿੱਸਿਆਂ ਵਿੱਚ ਛਿੱਟ-ਪੁੱਟ ਅੱਗਜ਼ਨੀ ਹਮਲਿਆਂ ਅਤੇ ਬੰਬ ਧਮਾਕਿਆਂ ਨੇ ਲੋਕਾਂ ਨੂੰ ਹਿਲਾ ਦਿੱਤਾ। ਹਿੰਸਾ ਦੌਰਾਨ ਦਰਜਨਾਂ ਵਾਹਨਾਂ ਨੂੰ ਸਾੜ ਦਿੱਤਾ ਗਿਆ। ਫੈਸਲੇ ਤੋਂ ਪਹਿਲਾਂ ਦੇ ਦਿਨਾਂ ਵਿੱਚ ਲਗਭਗ 50 ਬੱਸਾਂ ਨੂੰ ਸਾੜ ਦਿੱਤਾ ਗਿਆ, ਅਤੇ ਦਰਜਨਾਂ ਬੰਬ ਫਟੇ। ਢਾਕਾ ਯੂਨੀਵਰਸਿਟੀ ਕੈਂਪਸ ਵਿੱਚ ਵੱਡੀ ਸਕ੍ਰੀਨ 'ਤੇ ਫੈਸਲੇ ਦਾ ਸਿੱਧਾ ਪ੍ਰਸਾਰਣ ਦੇਖ ਰਹੇ ਵਿਦਿਆਰਥੀਆਂ ਨੇ ਮਠਿਆਈਆਂ ਵੰਡ ਕੇ ਜਸ਼ਨ ਮਨਾਇਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ