
ਨਵੀਂ ਦਿੱਲੀ, 19 ਨਵੰਬਰ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਦਾ ਦੌਰਾ ਕਰਨਗੇ। ਉਹ ਸਵੇਰੇ 10 ਵਜੇ ਦੇ ਕਰੀਬ ਆਂਧਰਾ ਪ੍ਰਦੇਸ਼ ਦੇ ਪੁੱਟਪਾਰਥੀ ਵਿੱਚ ਭਗਵਾਨ ਸ਼੍ਰੀ ਸੱਤਿਆ ਸਾਈਂ ਬਾਬਾ ਦੇ ਮੰਦਿਰ ਅਤੇ ਮਹਾਸਮਾਧੀ 'ਤੇ ਸ਼ਰਧਾਂਜਲੀ ਭੇਟ ਕਰਨਗੇ। ਇਸ ਤੋਂ ਬਾਅਦ ਉਹ ਸਵੇਰੇ 10:30 ਵਜੇ ਦੇ ਕਰੀਬ ਸੱਤਿਆ ਸਾਈਂ ਬਾਬਾ ਦੇ ਸ਼ਤਾਬਦੀ ਸਮਾਰੋਹ ਵਿੱਚ ਸ਼ਾਮਲ ਹੋਣਗੇ। ਇਸ ਮੌਕੇ 'ਤੇ, ਪ੍ਰਧਾਨ ਮੰਤਰੀ ਉਨ੍ਹਾਂ ਦੇ ਜੀਵਨ ਅਤੇ ਸਿੱਖਿਆਵਾਂ 'ਤੇ ਆਧਾਰਿਤ ਯਾਦਗਾਰੀ ਸਿੱਕਾ ਅਤੇ ਡਾਕ ਟਿਕਟਾਂ ਦਾ ਸੈੱਟ ਜਾਰੀ ਕਰਨਗੇ। ਇਸ ਦੌਰਾਨ ਉਹ ਹਾਜ਼ਰ ਇਕੱਠ ਨੂੰ ਸੰਬੋਧਨ ਵੀ ਕਰਨਗੇ।
ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਦੇ ਅਨੁਸਾਰ, ਆਂਧਰਾ ਪ੍ਰਦੇਸ਼ ਤੋਂ ਬਾਅਦ, ਪ੍ਰਧਾਨ ਮੰਤਰੀ ਦੁਪਹਿਰ ਨੂੰ ਤਾਮਿਲਨਾਡੂ ਦੇ ਕੋਇੰਬਟੂਰ ਪਹੁੰਚਣਗੇ। ਦੁਪਹਿਰ ਲਗਭਗ 1:30 ਵਜੇ, ਉਹ ਦੱਖਣੀ ਭਾਰਤ ਕੁਦਰਤੀ ਖੇਤੀ ਸੰਮੇਲਨ ਦਾ ਉਦਘਾਟਨ ਕਰਨਗੇ। ਇਸੇ ਸਮਾਗਮ ਵਿੱਚ, ਪ੍ਰਧਾਨ ਮੰਤਰੀ ਦੇਸ਼ ਭਰ ਦੇ ਨੌਂ ਕਰੋੜ ਕਿਸਾਨਾਂ ਦੀ ਸਹਾਇਤਾ ਲਈ ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਦੀ 21ਵੀਂ ਕਿਸ਼ਤ ਜਾਰੀ ਕਰਨਗੇ। ਇਹ ਰਕਮ 18 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ। ਇਹ ਸੰਮੇਲਨ 21 ਨਵੰਬਰ ਤੱਕ ਜਾਰੀ ਰਹੇਗਾ। ਨੈਚੂਰਲ ਫਾਰਮਿੰਗ ਸਟੇਕਹੋਲਡਰਜ਼ ਫੋਰਮ ਦੀ ਅਗਵਾਈ ਹੇਠ ਆਯੋਜਿਤ, ਇਸ ਸੰਮੇਲਨ ਦਾ ਉਦੇਸ਼ ਟਿਕਾਊ, ਵਾਤਾਵਰਣ ਅਨੁਕੂਲ ਅਤੇ ਰਸਾਇਣ-ਮੁਕਤ ਖੇਤੀ ਨੂੰ ਉਤਸ਼ਾਹਿਤ ਕਰਨਾ ਹੈ। ਇਹ ਪ੍ਰੋਗਰਾਮ ਜੈਵਿਕ ਇਨਪੁਟਸ, ਸਥਾਨਕ ਤਕਨਾਲੋਜੀਆਂ, ਈਕੋ-ਫ੍ਰੈਂਡਲੀ ਪੈਕੇਜਿੰਗ, ਐਗਰੋ-ਪ੍ਰੋਸੈਸਿੰਗ ਅਤੇ ਕਿਸਾਨ ਉਤਪਾਦਕ ਸੰਗਠਨਾਂ ਲਈ ਬਾਜ਼ਾਰ ਸੰਪਰਕ 'ਤੇ ਕੇਂਦ੍ਰਿਤ ਹੋਵੇਗਾ।
ਇਸ ਸੰਮੇਲਨ ਵਿੱਚ ਦੱਖਣੀ ਭਾਰਤ ਦੇ ਵੱਖ-ਵੱਖ ਰਾਜਾਂ, ਜਿਨ੍ਹਾਂ ਵਿੱਚ ਤਾਮਿਲਨਾਡੂ, ਪੁਡੂਚੇਰੀ, ਕੇਰਲ, ਤੇਲੰਗਾਨਾ, ਕਰਨਾਟਕ ਅਤੇ ਆਂਧਰਾ ਪ੍ਰਦੇਸ਼ ਸ਼ਾਮਲ ਹਨ, ਦੇ 50,000 ਤੋਂ ਵੱਧ ਕਿਸਾਨ, ਵਿਗਿਆਨੀ, ਕੁਦਰਤੀ ਖੇਤੀ ਮਾਹਰ ਅਤੇ ਹੋਰ ਹਿੱਸੇਦਾਰ ਸ਼ਾਮਲ ਹੋਣਗੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ