
ਧਨਬਾਦ (ਝਾਰਖੰਡ), 21 ਨਵੰਬਰ (ਹਿੰ.ਸ.)। ਕੋਲਫੀਲਡ ਦੇ ਪ੍ਰਮੁੱਖ ਕਾਰੋਬਾਰੀ ਐਲ.ਬੀ. ਸਿੰਘ ਨੇ ਅੱਜ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਦੇ ਘਰ ਪਹੁੰਚਦੇ ਹੀ ਪਾਲਤੂ ਕੁੱਤਿਆਂ ਨੂੰ ਛੱਡ ਦਿੱਤਾ। ਇਸ ਨਾਲ ਟੀਮ ਲਈ ਘਰ ਵਿੱਚ ਦਾਖਲ ਹੋਣਾ ਮੁਸ਼ਕਲ ਹੋ ਗਿਆ। ਸਿੰਘ ਦੇ ਕੁੱਤਿਆਂ ਨੂੰ ਬੰਨ੍ਹਣ ਤੋਂ ਬਾਅਦ ਹੀ ਟੀਮ ਰਿਹਾਇਸ਼ ਵਿੱਚ ਦਾਖਲ ਹੋ ਸਕੀ। ਈ.ਡੀ. ਦੀ ਟੀਮ ਨੇ ਸਿੰਘ ਅਤੇ ਹੋਰ ਕਾਰੋਬਾਰੀਆਂ ਨਾਲ ਸਬੰਧਤ 18 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ।ਐਲਬੀ ਸਿੰਘ ਭਾਰਤ ਕੋਕਿੰਗ ਕੋਲ ਲਿਮਟਿਡ (ਬੀਸੀਸੀਐਲ) ਦੇ ਚਰਚਿਤ ਠੇਕੇਦਾਰ ਹਨ। ਅਧਿਕਾਰਤ ਸੂਤਰਾਂ ਅਨੁਸਾਰ, ਇਹ ਕਾਰਵਾਈ ਬੀਸੀਸੀਐਲ ਟੈਂਡਰਾਂ ਵਿੱਚ ਗੜਬੜੀ ਅਤੇ ਬੇਨਿਯਮੀਆਂ ਦੇ ਸਾਹਮਣੇ ਆਉਣ ਤੋਂ ਬਾਅਦ ਕੀਤੀ ਗਈ ਹੈ। ਈਡੀ ਦੇ ਰਡਾਰ ਹੇਠ ਆਉਣ ਵਾਲੇ ਇਨ੍ਹਾਂ ਕੋਲਾ ਵਪਾਰੀਆਂ ਵਿੱਚ ਅਨਿਲ ਗੋਇਲ ਅਤੇ ਸੰਜੇ ਖੇਮਕਾ ਵੀ ਸ਼ਾਮਲ ਹਨ।
ਦੱਸਿਆ ਜਾ ਰਿਹਾ ਹੈ ਕਿ ਈਡੀ ਕੋਲਕਾਤਾ ਦੀ ਟੀਮ ਕਥਿਤ ਤੌਰ 'ਤੇ ਪੱਛਮੀ ਬੰਗਾਲ ਵਿੱਚ ਕੋਲਾ ਕਾਰੋਬਾਰ ਨਾਲ ਜੁੜੇ ਠੇਕੇਦਾਰਾਂ, ਟਰਾਂਸਪੋਰਟਰਾਂ ਅਤੇ ਕੁਝ ਅਧਿਕਾਰੀਆਂ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕਰ ਰਹੀ ਹੈ। ਆਮਦਨ ਕਰ ਵਿਭਾਗ ਪਹਿਲਾਂ ਹੀ ਐਲਬੀ ਸਿੰਘ ਦੇ ਅਹਾਤੇ 'ਤੇ ਛਾਪਾ ਮਾਰ ਚੁੱਕਾ ਹੈ। ਇਸ ਕਾਰਵਾਈ ’ਚ ਸਿੰਘ ਨਾਲ ਸਬੰਧਤ ਖਾਤਿਆਂ ਦੀ ਜਾਂਚ ਦੌਰਾਨ, 100 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਸੀ। ਸੀਬੀਆਈ ਵੱਲੋਂ ਬੀਸੀਸੀਐਲ ਵਿੱਚ ਐਲਬੀ ਸਿੰਘ ਨੂੰ ਟੈਂਡਰ ਦੇਣ ਵਿੱਚ ਬੇਨਿਯਮੀਆਂ ਦਾ ਦੋਸ਼ ਲਗਾਉਂਦੇ ਹੋਏ ਈਸੀਆਈਆਰ ਦਾਇਰ ਕਰਨ ਤੋਂ ਬਾਅਦ ਈਡੀ ਨੇ ਜਾਂਚ ਸ਼ੁਰੂ ਕੀਤੀ ਗਈ ਸੀ।
ਉੱਥੇ ਹੀ ਦੱਸਿਆ ਗਿਆ ਹੈ ਕਿ ਐਲਬੀ ਸਿੰਘ ਦੇ ਧਨਬਾਦ ਸਥਿਤ ਨਿਵਾਸ 'ਤੇ ਈਡੀ ਟੀਮ ਦੇ ਪਹੁੰਚਣ 'ਤੇ, ਕੁੱਤਿਆਂ ਨੂੰ ਛੱਡ ਦਿੱਤਾ ਗਿਆ। ਇਸ ਨਾਲ ਈਡੀ ਟੀਮ ਸਿੰਘ ਦੇ ਘਰ ਵਿੱਚ ਦਾਖਲ ਹੋਣ ਤੋਂ ਰੁਕੀ ਰਹੀ। ਲਗਭਗ ਦੋ ਘੰਟਿਆਂ ਬਾਅਦ, ਐਲਬੀ ਸਿੰਘ ਨੇ ਕੁੱਤਿਆਂ ਨੂੰ ਬੰਨ੍ਹ ਕੇ ਦਰਵਾਜ਼ਾ ਖੋਲ੍ਹਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ