ਤਲਵੰਡੀ ਸਾਬੋ ਤੋਂ ਮੋਹਾਲੀ ਪੁੱਜੇ ਨਗਰ ਕੀਰਤਨ ਨੂੰ ਸੰਗਤਾਂ ਨੇ ਸਤਿਕਾਰ ਸਹਿਤ ਅਨੰਦਪੁਰ ਸਾਹਿਬ ਲਈ ਰਵਾਨਾ ਕੀਤਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਨਵੰਬਰ (ਹਿੰ. ਸ.)। ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਅਨਿੰਨ ਸੇਵਕਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹਾਦਤ ਵਰ੍ਹੇ ਨੂੰ ਸਮਰਪਿਤ ਤਲਵੰਡੀ ਸਾਬੋ ਤੋਂ ਆਰੰਭ ਹੋ ਕੇ ਮੋਹਾਲੀ ਪੁੱਜੇ ਵਿਸ਼ਾਲ ਨਗਰ ਕੀਰ
ਤਲਵੰਡੀ ਸਾਬੋ ਤੋਂ ਮੋਹਾਲੀ ਪੁੱਜੇ ਨਗਰ ਕੀਰਤਨ ਦੇ ਸਵਾਗਤ ਲਈ ਖੜੇ ਐਮ ਪੀ ਮਾਲਵਿੰਦਰ ਸਿੰਘ ਕੰਗ।


ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਨਵੰਬਰ (ਹਿੰ. ਸ.)। ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਨ੍ਹਾਂ ਦੇ ਅਨਿੰਨ ਸੇਵਕਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹਾਦਤ ਵਰ੍ਹੇ ਨੂੰ ਸਮਰਪਿਤ ਤਲਵੰਡੀ ਸਾਬੋ ਤੋਂ ਆਰੰਭ ਹੋ ਕੇ ਮੋਹਾਲੀ ਪੁੱਜੇ ਵਿਸ਼ਾਲ ਨਗਰ ਕੀਰਤਨ ਨੇ ਰਾਤ ਦੇ ਪੜਾਅ ਬਾਅਦ ਸਵੇਰੇ ਅਰਦਾਸ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਲਈ ਚਾਲੇ ਪਾਏ।

ਨਗਰ ਕੀਰਤਨ ਵਿਚ ਆਈਆਂ ਸੰਗਤਾਂ ਵੱਲੋਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਅਤੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਸ਼ੁਕਰਵਾਰ ਦੇ ਰਾਤਰੀ ਪੜਾਅ ਤੋਂ ਬਾਅਦ ਅੱਜ ਗੁਰੂ ਗ੍ਰੰਥ ਸਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅਗਲੀ ਮੰਜ਼ਿਲ ਲਈ ਅਰੰਭਤਾ ਕੀਤੀ ਗਈ।

ਸ਼੍ਰੀ ਗੁਰੂ ਗ੍ਰੰਥ ਸਹਿਬ ਨੂੰ ਸੁੱਖ ਆਸਣ ਸਥਾਨ ਤੋਂ ਪਾਲਕੀ ਸਾਹਿਬ ਤੱਕ ਪੰਜ ਪਿਆਰਿਆਂ ਅਤੇ ਨਿਸ਼ਾਨਚੀ ਸਿੰਘਾਂ ਦੀ ਅਗਵਾਈ ਵਿੱਚ ਪੂਰਣ ਸ਼ਰਧਾ ਅਤੇ ਮਰਿਆਦਾ ਨਾਲ ਲਿਆਂਦਾ ਗਿਆ। ਵੱਡੀ ਗਿਣਤੀ ਵਿੱਚ ਮੌਜੂਦ ਸੰਗਤਾਂ ਤੋਂ ਇਲਾਵਾ ਸ਼੍ਰੀ ਅਨੰਦਪੁਰ ਸਾਹਿਬ ਸੰਸਦੀ ਹਲਕੇ ਤੋਂ ਮੈਂਬਰ ਲੋਕ ਸਭਾ ਮਲਵਿੰਦਰ ਸਿੰਘ ਕੰਗ, ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਸਿੰਘ ਆਹਲੂਵਾਲੀਆ, ਐਮ ਐਲ ਏ ਕੁਲਵੰਤ ਸਿੰਘ ਮੋਹਾਲੀ ਦੇ ਪੁੱਤਰ ਸਰਬਜੀਤ ਸਿੰਘ ਸਮਾਣਾ (ਕੌਂਸਲਰ) ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨਮੋਲ ਸਿੰਘ ਧਾਲੀਵਾਲ, ਐਸ ਡੀ ਐਮ ਮੋਹਾਲੀ ਦਮਨਦੀਪ ਕੌਰ ਤੇ ਹੋਰ ਅਧਿਕਾਰੀ ਮੌਜੂਦ ਸਨ।

ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਏ ਨਗਰ ਕੀਰਤਨ ਵਿੱਚ ਸ਼ਾਮਿਲ ਸੰਗਤਾਂ ਵਿੱਚ ਵੀ ਵੱਖਰਾ ਉਤਸ਼ਾਹ ਦੇਖਣ ਨੂੰ ਮਿਲਿਆ। ਸੰਗਤਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੁਰੂ ਸਹਿਬ ਦੀ ਕਿਰਪਾ ਨਾਲ ਇਨ੍ਹਾਂ ਸਮਾਗਮਾਂ ਨੂੰ ਉਲੀਕ ਕੇ, ਉਨ੍ਹਾਂ ਨੂੰ ਵੀ ਇਨ੍ਹਾਂ ਇਤਿਹਾਸਕ ਪਲਾਂ ਦੇ ਸਾਖਸ਼ੀ ਬਣਾਇਆ ਗਿਆ ਹੈ, ਜਿਸ ਲਈ ਗੁਰੂ ਤੇਗ ਬਹਾਦਰ ਜੀ ਦੀ ਕਿਰਪਾ ਦ੍ਰਿਸ਼ਟੀ ਦਾ ਜਿੰਨਾ ਧੰਨਵਾਦ ਕੀਤਾ ਜਾਵੇ, ਥੋੜ੍ਹਾ ਹੈ। ਉਨ੍ਹਾਂ ਕਿਹਾ ਕਿ ਕਲ੍ਹ ਰਾਤ ਮੋਹਾਲੀ ਵਿਖੇ ਰਾਤਰੀ ਵਿਸ਼ਰਾਮ ਦੌਰਾਨ ਦੋਵਾਂ ਗੁਰਦੁਆਰਾ ਸਾਹਿਬਾਨ (ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ ਅਤੇ ਗੁਰਦੁਆਰਾ ਸ੍ਰੀ ਅੰਬ ਸਾਹਿਬ) ਦੇ ਪ੍ਰਬੰਧਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਬਿਲਕੁਲ ਵੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ।

ਐਮ ਪੀ ਮਲਵਿੰਦਰ ਸਿੰਘ ਕੰਗ ਨੇ ਇਸ ਮੌਕੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸਮੁੱਚੀ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਦ੍ਰਿਸ਼ਟੀ ਦੀ ਪਾਤਰ ਬਣੀ ਹੈ, ਜਿਸ ਨੂੰ ਇਹ 350 ਸਾਲਾਂ ਸ਼ਹਾਦਤ ਦਿਵਸ ਮਨਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੰਗਤ ਨੂੰ 23 ਨਵੰਬਰ ਤੋਂ 25 ਨਵੰਬਰ ਤੱਕ ਸ਼੍ਰੀ ਅੰਨਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਰਕਾਰ ਵੱਲੋਂ ਗੁਰੂ ਸਹਿਬ ਦੀ ਵਡਿਆਈ ਵਿੱਚ ਰੱਖੇ ਗਏ ਸਮਾਗਮਾਂ ਵਿੱਚ ਵੱਡੀ ਗਿਣਤੀ ਵਿੱਚ ਸਮੂਲੀਅਤ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਦੀਆਂ ਸ਼ਤਾਬਦੀਆਂ ਮਾਣਨ ਦਾ ਮਾਣ ਵਿਰਲੀ ਸੰਗਤ ਨੂੰ ਹੀ ਮਿਲਦਾ ਹੈ ਅਤੇ ਅਸੀਂ ਸਾਰੇ ਧੰਨਵਾਦੀ ਹਾਂ ਕਿ ਸਾਨੂੰ ਇਹ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜਣ ਵਾਲਿਆਂ ਬੇਅੰਤ ਸੰਗਤਾਂ ਦੇ ਲਈ ਸਰਕਾਰ ਵੱਲੋਂ ਬਣਦੇ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਧਾਨ ਸਭਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਤਿਆਗ, ਮਾਨਵੀ ਹੱਕਾਂ ਦੀ ਰਾਖੀ ਨੂੰ ਸਮਰਪਿਤ ਬਲੀਦਾਨ ਨੂੰ ਮੁੱਖ ਰੱਖ ਕੇ ਵਿਸ਼ੇਸ਼ ਸੈਸ਼ਨ 24 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ ਜਾ ਰਿਹਾ ਹੈ।

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਖੁਸ਼ਕਿਆਮਤ ਹੈ ਕਿ ਸਾਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸਮਾਗਮਾਂ ਵਿੱਚ ਆਪਣੀ ਤਿਲ ਫੁਲ ਸੇਵਾ ਪਾਉਣ ਦਾ ਮੌਕਾ ਮਿਲਿਆ। ਉਨ੍ਹਾਂ ਦੋਵਾਂ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪ੍ਰਗਟਾਇਆ ਜਿਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਪੂਰਣ ਸਹਿਯੋਗ ਕਰਦਿਆਂ ਸੰਗਤਾਂ ਦੇ ਰੁਕਣ ਦੀ ਵਿਵਸਥਾ ਕੀਤੀ।

ਉਪਰੰਤ ਨਗਰ ਕੀਰਤਨ ਏਅਰਪੋਰਟ ਰੋਡ ਰਾਹੀਂ ਖਰੜ ਫਲਾਈ ਓਵਰ ਤੋਂ ਹੁੰਦਾ ਹੋਇਆ, ਗੁਰਦੁਆਰਾ ਕਰਤਾਰਸਰ ਸਾਹਿਬ, ਪਡਿਆਲਾ ਵਿਖੇ ਪੁੱਜਾ,ਜਿੱਥੇ ਇਕੱਤਰ ਹੋਈ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਕੇ, ਰੁਮਾਲਾ ਸਾਹਿਬ ਭੇਟ ਕਰਕੇ ਅਤੇ ਲੰਗਰ ਦੀ ਵਿਵਸਥਾ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਐਸ ਡੀ ਐਮ ਖਰੜ ਸ਼੍ਰੀਮਤੀ ਦਿਵਿਆ ਪੀ ਵੀ ਵਿਸ਼ੇਸ਼ ਤੌਰ ਤੇ ਨਗਰ ਕੀਰਤਨ ਦੇ ਦਰਸ਼ਨਾਂ ਲਈ ਪੁੱਜੇ ਹੋਏ ਸਨ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande