
ਤਰਨਤਾਰਨ, 3 ਨਵੰਬਰ (ਹਿੰ. ਸ.)। ਜ਼ਿਲ੍ਹਾ ਮੈਜਿਸਟਰੇਟ ਤਰਨ ਤਾਰਨ ਰਾਹੁਲ, ਆਈ.ਏ.ਐੱਸ. ਨੇ ਹੁਕਮ ਜਾਰੀ ਕਰਕੇ ਤਰਨ ਤਾਰਨ ਸ਼ਹਿਰ ਵਿੱਚ ਧਰਨੇ/ਪ੍ਰਦਰਸ਼ਨਾਂ ਲਈ ਗਾਂਧੀ ਪਾਰਕ ਦਾ ਸਥਾਨ ਨਿਰਧਾਰਿਤ ਕਰ ਦਿੱਤਾ ਹੈ। ਇਸ ਥਾਂ ਉੱਪਰ ਵੀ 24 ਘੰਟੇ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ (ਜ) ਤੋਂ ਅਗੇਤੀ ਪ੍ਰਵਾਨਗੀ ਲੈ ਕੇ ਹੀ ਧਰਨਾ/ਪ੍ਰਦਰਸ਼ਨ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਬਿਨ੍ਹਾਂ ਸ਼ਹਿਰ ਵਿੱਚ ਕਿਸੇ ਵੀ ਹੋਰ ਥਾਂ `ਤੇ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ।ਜ਼ਿਲ੍ਹਾ ਮੈਜਿਸਟਰੇਟ ਰਾਹੁਲ ਨੇ ਕਿਹਾ ਕਿ ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ ਉਪ ਚੋਣ ਦੇ ਮੱਦੇਨਜ਼ਰ ਪੂਰੇ ਜ਼ਿਲ੍ਹਾ ਤਰਨ ਤਾਰਨ ਵਿੱਚ ਚੋਣ ਜ਼ਾਬਤਾ ਲੱਗਾ ਹੋਇਆ ਹੈ। ਰਾਹੁਲ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਪਿਛਲੇ ਦਿਨਾਂ ਤੋਂ ਵੱਖ-ਵੱਖ ਸੰਗਠਨਾਂ, ਜਥੇਬੰਦੀਆਂ ਅਤੇ ਵਿਅਕਤੀਆਂ ਆਦਿ ਵੱਲੋਂ ਵਿਧਾਨ ਸਭਾ ਹਲਕਾ ਤਰਨ ਤਾਰਨ-21 ਦੇ ਵੱਖ-ਵੱਖ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੀਆਂ ਰਹਾਇਸ਼ਾਂ, ਸੜਕਾਂ ,ਸਥਾਨਾਂ ਆਦਿ ਵਿਖੇ ਪ੍ਰਦਰਸ਼ਨ, ਵਿਰੋਧ ਪ੍ਰਦਰਸ਼ਨ, ਧਰਨੇ ਅਤੇ ਭੁੱਖ ਹੜਤਾਲਾਂ ਆਦਿ ਕੀਤੀਆਂ ਜਾ ਰਹੀਆਂ ਹਨ। ਅਜਿਹੇ ਪ੍ਰਦਰਸ਼ਨਾਂ ਜਾਂ ਵਿਰੋਧ ਪ੍ਰਦਰਸ਼ਨਾਂ ਨਾਲ ਜਿੱਥੇ ਆਮ ਲੋਕ, ਆਵਾਜਾਈ ਆਦਿ ਪ੍ਰਭਾਵਿਤ ਹੁੰਦੀ ਹੈ ਅਤੇ ਉੱਥੇ ਇਹ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਵੀ ਉਲੰਘਣਾ ਹੈ।ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਉਪਰੋਕਤ ਸਥਿਤੀ ਦੇ ਮੱਦੇਨਜ਼ਰ ਆਮ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਸੰਗਠਨਾਂ ਜਥੇਬੰਦੀਆਂ ਆਦਿ ਨੂੰ ਸ਼ਾਂਤੀ ਪੂਰਵਕ ਪ੍ਰਦਰਸ਼ਨ, ਵਿਰੋਧ ਪ੍ਰਦਰਸ਼ਨ ਆਦਿ ਕਰਨ ਲਈ ਸਥਾਨ ਗਾਂਧੀ ਪਾਰਕ ਨੇੜੇ ਡਾਕ ਘਰ, ਤਰਨ ਤਾਰਨ ਨਿਰਧਾਰਿਤ ਕੀਤਾ ਗਿਆ ਹੈ। ਇਸ ਲਈ ਜਿੰਨ੍ਹਾ ਸੰਗਠਨਾਂ, ਜਥੇਬੰਦੀਆਂ, ਵਿਅਕਤੀਆਂ ਆਦਿ ਵੱਲੋਂ ਜੇਕਰ ਕਿਸੇ ਪ੍ਰਕਾਰ ਦਾ ਸ਼ਾਂਤਮਈ ਪ੍ਰਦਰਸ਼ਨ, ਵਿਰੋਧ ਪ੍ਰਦਰਸ਼ਨ ਕੀਤਾ ਜਾਣਾ ਹੈ ਤਾਂ ਉਹ ਦਫਤਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਤਰਨ ਤਾਰਨ ਪਾਸੋਂ 24 ਘੰਟੇ ਪਹਿਲਾਂ ਅਗੇਤ ਪ੍ਰਵਾਨਗੀ ਪ੍ਰਾਪਤ ਕਰਨਾ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਕਪਤਾਨ ਪੁਲਿਸ (ਡੀ) ਤਰਨ ਤਾਰਨ ਅਮਨ ਅਤੇ ਕਾਨੂੰਨ ਦੀ ਵਿਵਸਥਾ ਬਹਾਲੀ ਲਈ ਇਹਨਾਂ ਹੁਕਮਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣਗੇ ਤਾਂ ਜੋ ਆਮ ਲੋਕਾਂ ਤੇ ਚੋਣਾਂ `ਚ ਭਾਗ ਲੈ ਰਹੇ ਉਮੀਦਵਾਰਾਂ ਆਦਿ ਨੂੰ ਮੁਸ਼ਕਿਲ ਪੇਸ਼ ਨਾ ਆਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ