
ਪਟਿਆਲਾ 3 ਨਵੰਬਰ (ਹਿੰ. ਸ.)। ਪਟਿਆਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਵਿਚ ਡੇਂਗੂ ਦੀ ਵਧ ਰਹੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਸਮੂਹ ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸ. ਡੀ. ਐਮ.), ਸਿਵਿਲ ਸਰਜਨ, ਐਸ. ਐਮ. ਓ.ਜ਼ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਇਕ ਵਿਸ਼ੇਸ਼ ਸਮੀਖਿਆ ਬੈਠਕ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸ਼ਹਿਰੀ ਅਤੇ ਪਿੰਡਾਂ ਵਾਲੇ ਖੇਤਰਾਂ ਵਿੱਚ ਡੇਂਗੂ ਦੀ ਸਥਿਤੀ ਅਤੇ ਕੀਤੇ ਗਏ ਉਪਾਇਆ ਦੀ ਵਿਸਤ੍ਰਿਤ ਜਾਣਕਾਰੀ ਲਈ। ਜਿਲਾ ਐਪੀਡੀਮੋਲੋਜਿਸਟ ਨੇ ਪਿਛਲੇ ਹਫਤੇ ਦੌਰਾਨ ਰੀਪੋਰਟ ਹੋਏ ਡੇਂਗੂ ਕੇਸ ਅਤੇ ਜਿਹੜੇ ਇਲਾਕਿਆਂ ਵਿੱਚ ਕਲਸਟ੍ਰਿੰਗ ਮਿਲੀ ਹੈ ਓਹਨਾ ਦੀ ਜਾਣਕਾਰੀ ਦਿੱਤੀ।ਡਿਪਟੀ ਕਮਿਸ਼ਨਰ ਨੇ ਸਪਸ਼ਟ ਹੁਕਮ ਦਿੱਤੇ ਕਿ ਡੇਂਗੂ ‘ਤੇ ਕਾਬੂ ਪਾਉਣ ਲਈ ਸਿਰਫ਼ ਫੌਗਿੰਗ ਤੱਕ ਹੀ ਸੀਮਿਤ ਨਾ ਰਿਹਾ ਜਾਵੇ, ਬਲਕਿ ਲਾਰਵਾ ਦੇ ਵਧਣ ‘ਤੇ ਰੋਕ ਲਗਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਘਰ-ਘਰ ਜਾ ਕੇ ਇੰਸਪੈਕਸ਼ਨ ਕੀਤੀ ਜਾਵੇ, ਜਿੱਥੇ ਵੀ ਪਾਣੀ ਇਕੱਠਾ ਹੋ ਸਕਦਾ ਹੈ ਜਿਵੇਂ ਕਿ ਕੂਲਰ, ਗਮਲੇ, ਟਾਇਰ, ਟੈਂਕ ਆਦਿ, ਉਥੇ ਲਾਰਵਾ ਦੀ ਜਾਂਚ ਕੀਤੀ ਜਾਵੇ ਤੇ ਤੁਰੰਤ ਨਾਸ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਆਦੇਸ਼ ਦਿੱਤੇ ਕਿ ਹਰ ਪਿੰਡ ਵਿੱਚ ਮੌਜੂਦ ਹੌਟਸਪਾਟ ਇਲਾਕਿਆਂ ਦੀ ਪਹਿਚਾਣ ਕਰਕੇ ਉਥੇ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜਿੱਥੇ ਵੀ ਕੇਸ ਆ ਰਹੇ ਹਨ, ਉਥੇ ਦੁਬਾਰਾ ਚੈਕਿੰਗ ਕੀਤੀ ਜਾਵੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਲਗਾਤਾਰ ਮੋਨੀਟਰੀੰਗ ਕਰਦੀਆਂ ਰਹਿਣ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤਾਂ ਨੂੰ ਵੀ ਡੇਂਗੂ ਰੋਕਥਾਮ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਸਥਾਨਕ ਪੱਧਰ ‘ਤੇ ਲੋਕ ਜਾਗਰੂਕ ਹੋਣ ਅਤੇ ਸਫਾਈ ਪ੍ਰਤੀ ਜ਼ਿੰਮੇਵਾਰੀ ਨਿਭਾਉਣ।ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਮੀਡੀਆ ਮਾਧਿਅਮਾਂ ਰਾਹੀਂ ਪ੍ਰਚਾਰ-ਪਸਾਰ ਕੀਤਾ ਜਾਵੇ। ਸਕੂਲਾਂ, ਆੰਗਨਵਾੜੀ ਕੇਂਦਰਾਂ ਅਤੇ ਗ੍ਰਾਮ ਸਭਾਵਾਂ ਰਾਹੀਂ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਕਿ ਘਰਾਂ ਦੇ ਅੰਦਰ ਤੇ ਆਲੇ-ਦੁਆਲੇ ਸਾਫ਼-ਸੁਥਰਾ ਵਾਤਾਵਰਣ ਕਿਵੇਂ ਬਣਾਈ ਰੱਖਣਾ ਹੈ।ਸਿਵਿਲ ਸਰਜਨ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਸੈਂਪਲਿੰਗ, ਲਾਰਵਾ ਸਰਵੇਅ ਤੇ ਟੈਸਟਿੰਗ ਦੀ ਪ੍ਰਕਿਰਿਆ ਜਾਰੀ ਹੈ। ਜਿੱਥੇ ਵੀ ਕੇਸ ਮਿਲ ਰਹੇ ਹਨ, ਉਥੇ ਫੌਗਿੰਗ ਦੇ ਨਾਲ ਨਾਲ ਐਂਟੀ ਲਾਰਵਾ ਸਪ੍ਰੇ ਅਤੇ ਇਨਡੋਰ ਸਪਰੇਅ ਵੀ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ ਦੇ ਨਵੇਂ ਕੇਸ ਵਧਣ ਨਹੀਂ ਚਾਹੀਦੇ ਅਤੇ ਹਰੇਕ ਪੱਧਰ ‘ਤੇ ਕੋਆਰਡੀਨੇਸ਼ਨ ਨਾਲ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਪ੍ਰਾਥਮਿਕਤਾ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਹੈ ਅਤੇ ਇਸ ਲਈ ਸਾਰੇ ਵਿਭਾਗ ਸਾਂਝੇ ਤੌਰ ‘ਤੇ ਮਿਲ ਕੇ ਕੰਮ ਕਰਨ। ਅੰਤ ਵਿੱਚ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ, ਛੱਤਾਂ ਅਤੇ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ ਅਤੇ ਖਾਸ ਤੌਰ ਤੇ ਫਰਿੱਜ ਦੇ ਪਿੱਛੇ ਟਰੇ ਵਿੱਚੋ ਪਾਣੀ ਰੋੜ ਦੇਣ। ਕਿਸੇ ਵੀ ਤਰ੍ਹਾਂ ਦੀ ਡੇਂਗੂ ਸੰਬੰਧੀ ਸ਼ਿਕਾਇਤ ਹੋਣ ‘ਤੇ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ